ਜਲੰਧਰ, 17 ਫਰਵਰੀ (ਕਬੀਰ ਸੌਂਧੀ) : ਸਨੈਚਰਾਂ ‘ਤੇ ਨਕੇਲ ਕੱਸਦਿਆਂ ਹੋਇਆਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਸਨੈਚਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਪੰਜ ਮੋਬਾਈਲ ਫ਼ੋਨ, ਇਕ ਮੋਟਰ ਸਾਈਕਲ ਅਤੇ ਇਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 15 ਫਰਵਰੀ ਨੂੰ ਜਲੰਧਰ ਦੇ ਅੱਡਾ ਹੁਸ਼ਿਆਰਪੁਰ ਰੇਲਵੇ ਕਰਾਸਿੰਗ ‘ਤੇ ਖੋਹ ਦੀ ਘਟਨਾ ਵਾਪਰੀ ਸੀ।ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅੰਜਾਮ ਦਿੱਤਾ ਸੀ, ਜਿਨ੍ਹਾਂ ਨੇ ਵਿਅਕਤੀ ਤੋਂ ਮੋਬਾਈਲ ਫ਼ੋਨ ਖੋਹ ਲਿਆ ਸੀ। ਸ਼੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਸ਼ੀਆ ਦੇ ਵਿਰੁੱਧ ਥਾਣਾ ਡਵੀਜ਼ਨ 3 ਜਲੰਧਰ ਵਿੱਚ ਐਫ.ਆਈ.ਆਰ 17 ਮਿਤੀ 15-02-2024 ਅਧੀਨ 379ਬੀ,34 ਆਈ.ਪੀ.ਸੀ ਦਰਜ ਕੀਤੀ ਗਈ ਹੈ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੇ ਅਧਾਰ ‘ਤੇ ਪੁਲਿਸ ਨੇ ਇਸ ਘਟਨਾ ਨਾਲ ਜੁੜੇ ਦੋ ਦੋਸ਼ੀਆਂ ਨੂੰ ਅੱਡਾ ਹੁਸ਼ਿਆਰਪੁਰ ਰੇਲਵੇ ਕਰਾਸਿੰਗ ਜਲੰਧਰ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਸੁੰਦਰ ਨਗਰ ਜਲੰਧਰ ਅਤੇ ਰਾਹੁਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨੂਰਪੁਰ ਕਲੋਨੀ ਜਲੰਧਰ ਵਜੋਂ ਹੋਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਚੋਰੀ ਦੇ 5 ਮੋਬਾਈਲ ਫ਼ੋਨ, ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਦਾਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਮੋਬਾਈਲਾਂ ਵਿੱਚ ਐਮ.ਆਈ ਅਤੇ ਸੈਮਸੰਗ ਦੇ ਦੋ-ਦੋ ਅਤੇ ਰੈੱਡਮੀ ਦਾ ਇੱਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜਤਿੰਦਰ ਖ਼ਿਲਾਫ਼ ਥਾਣਾ ਡਿਵੀਜ਼ਨ 2 ਜਲੰਧਰ ਵਿੱਚ ਐਫ.ਆਈ.ਆਰ 106 ਮਿਤੀ 24-06-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੈ ਜਦੋਂਕਿ ਰਾਹੁਲ ਦਾ ਅਜੇ ਤੱਕ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।