ਚੋਹਲਾ ਸਾਹਿਬ/ਤਰਨਤਾਰਨ, 16 ਅਪ੍ਰੈਲ (ਰਾਕੇਸ਼ ਨਈਅਰ) : ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ ਵਲੋਂ ਨਸ਼ਿਆਂ ਖ਼ਿਲਾਫ਼ ਜੰਗੀ ਪੱਧਰ ‘ਤੇ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਹੈਰੋਇਨ ਦੀ ਤਸਕਰੀ ਕਰਦੇ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ 655 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।ਗ੍ਰਿਫਤਾਰ ਕੀਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਗ੍ਰਿਫਤਾਰ ਕੀਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ-ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਐਸ.ਪੀ(ਡੀ) ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ ਸਬ-ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਦੀ ਹਾਜ਼ਰੀ ਵਿੱਚ ਏ.ਐਸ.ਆਈ ਗੁਰਮੁਖ ਸਿੰਘ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਘੜਕਾ ਰੋਡ ਚੋਹਲਾ ਸਾਹਿਬ ਗਸ਼ਤ ਦੇ ਸੰਬੰਧ ਵਿੱਚ ਮੌਜੂਦ ਸੀ ਕਿ ਮੁਖਬਰ ਖਾਸ ਵਲੋਂ ਇਤਲਾਹ ਦਿੱਤੀ ਗਈ ਕਿ ਗੁਰਪ੍ਰੀਤ ਕੌਰ ਉਰਫ ਜੋਤੀ ਪਤਨੀ ਸੁਖਚੈਨ ਸਿੰਘ, ਸੁਖਦੀਪ ਸਿੰਘ ਉਰਫ ਰਾਜਾ ਪੁੱਤਰ ਸੇਵਕ ਸਿੰਘ ਅਤੇ ਪ੍ਰਿਤਪਾਲ ਸਿੰਘ ਉਰਫ ਫਿਰਤੋ ਪੁੱਤਰ ਮੇਜਰ ਸਿੰਘ (ਸਾਰੇ ਵਾਸੀ ਚੋਹਲਾ ਸਾਹਿਬ) ਜੋ ਕਿ ਆਪਸ ਵਿੱਚ ਰਲ ਕੇ ਹੈਰੋਇਨ ਦੀ ਤਸਕਰੀ ਕਰ ਰਹੇ ਹਨ ਅਤੇ ਇਨ੍ਹਾਂ ਉੱਪਰ ਕਈ ਮੁਕੱਦਮੇ ਦਰਜ ਹਨ।ਇਹ ਤਿੰਨੇ ਜਣੇ ਹੈਰੋਇਨ ਦੀਆਂ ਖੇਪਾਂ ਮੋਬਾਈਲ ਫੋਨ ਰਾਹੀਂ ਆਪਣੇ ਗਾਹਕਾਂ ਨਾਲ ਸੰਪਰਕ ਕਰਕੇ ਆਪਣੇ ਘਰਾਂ ਦੇ ਨੇੜੇ ਜਾਂ ਬਾਹਰ ਤੁਰ ਫਿਰ ਕੇ ਵੇਚਦੇ ਹਨ।
ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵਲੋਂ ਵਾਰੀ-ਵਾਰੀ ਰੇਡ ਕਰਕੇ ਗੁਰਪ੍ਰੀਤ ਕੌਰ ਉਰਫ ਜੋਤੀ ਪਾਸੋਂ 280 ਗ੍ਰਾਮ ਹੈਰੋਇਨ, ਸੁਖਦੀਪ ਸਿੰਘ ਉਰਫ ਰਾਜਾ ਪਾਸੋਂ 275 ਗ੍ਰਾਮ ਹੈਰੋਇਨ ਅਤੇ ਪ੍ਰਿਤਪਾਲ ਸਿੰਘ ਉਰਫ ਫਿਰਤੋ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਗਈ ਹੈ।ਉਨ੍ਹਾਂ ਦੱਸਿਆ ਕਿ ਹੈਰੋਇਨ ਸਮੇਤ ਗ੍ਰਿਫਤਾਰ ਔਰਤ ਸਮੇਤ ਤਿੰਨਾਂ ਮੁਲਜ਼ਮਾਂ ਖਿਲਾਫ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਵਿਨੋਦ ਸ਼ਰਮਾ ਨੇ ਕਿਹਾ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਦੀਆਂ ਸਖ਼ਤ ਹਦਾਇਤਾਂ ‘ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ।