ताज़ा खबरपंजाब

ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ’ਤੇ ਪੂਰਨ ਪਾਬੰਦੀ

  • ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ, ਫੋਟੋ/ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ’ਤੇ ਵੀ ਰੋਕ

  • ਫੁੱਟਪਾਥਾਂ ’ਤੇ ਅਣ-ਅਧਿਕਾਰਤ ਬੋਰਡ ਲਗਵਾਉਣ ਦੀ ਵੀ ਮਨਾਹੀ

  • ਬਿਨ੍ਹਾਂ ਪਹਿਚਾਣ ਪੱਤਰ ਲਏ ਮੋਬਾਇਲ ਫੋਨ ਤੇ ਸਿਮ ਵੇਚਣ ’ਤੇ ਪਾਬੰਦੀ

  • ਵਾਹਨ ਪਾਰਕਿੰਗ ਵਾਲੀਆਂ ਥਾਵਾਂ ’ਤੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਦੇ ਹੁਕਮ

  • ਚਾਈਨਾ/ਮਾਂਝਾ ਡੋਰ ਦਾ ਨਿਰਮਾਣ, ਵਿਕਰੀ, ਸਟੋਰ, ਖ਼ਰੀਦ, ਸਪਲਾਈ, ਆਯਾਤ ਕਰਨ ਤੇ ਪਤੰਗ ਉਡਾਉਣ ਲਈ ਵਰਤੋਂ ’ਤੇ ਵੀ ਪਾਬੰਦੀ

ਜਲੰਧਰ, 07 ਮਾਰਚ (ਕਬੀਰ ਸੌਂਧੀ) : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਤੇ ਆਰਮਜ਼ ਰੂਲਜ਼ 2016 ਦੇ ਰੂਲ ਨੰਬਰ 32 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਰੇਟ ਜਲੰਧਰ ਦੇ ਇਲਾਕੇ ਵਿੱਚ ਕਿਸੇ ਵੀ ਵਿਅਕਤੀ ਵਲੋਂ ਜਨਤਕ ਥਾਵਾਂ, ਧਾਰਮਿਕ ਥਾਵਾਂ, ਵਿਆਹਾਂ-ਸ਼ਾਦੀਆਂ/ਪਾਰਟੀਆਂ ਦੇ ਮੌਕੇ ’ਤੇ ਮੈਰਿਜ ਪੈਲੇਸਾਂ/ਹੋਟਲਾਂ/ਹਾਲਾਂ ਆਦਿ ਵਿੱਚ ਅਤੇ ਹੋਰ ਇਕੱਠ ਵਾਲੀਆਂ ਥਾਵਾਂ ਵਿੱਚ ਹਥਿਆਰ ਲੈ ਕੇ ਜਾਣ ਅਤੇ ਹਥਿਆਰਾਂ ਨੂੰ ਪ੍ਰਦਰਸ਼ਨ ਕਰਨ (ਪਬਲਿਕ ਡਿਸਪਲੇਅ) ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਹਿੰਸਾ/ਲੜਾਈ-ਝਗੜਿਆਂ ਦੀ ਵਡਿਆਈ ਕਰਨ ਵਾਲੇ ਗੀਤਾਂ ਨੂੰ ਅਤੇ ਹਥਿਆਰਾਂ ਨੂੰ ਲੈ ਕੇ ਫੋਟੋ ਆਦਿ ਖਿਚਵਾ ਕੇ ਜਾਂ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਵਟਸਐਪ, ਸਨੈਪਚੈਟ ਅਤੇ ਇੰਸਟਾਗ੍ਰਾਮ ਆਦਿ ’ਤੇ ਅਪਲੋਡ ਨਹੀਂ ਕਰੇਗਾ, ਅਜਿਹਾ ਕਰਨ ’ਤੇ ਪੂਰਨ ਪਾਬੰਦੀ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਨਹੀਂ ਦੇਵੇਗਾ।

ਪੁਲਿਸ ਕਮਿਸ਼ਨਰ ਵੱਲੋਂ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਸੜਕਾਂ ਦੇ ਨਾਲ-ਨਾਲ ਫੁੱਟਪਾਥਾਂ ’ਤੇ ਅਣ-ਅਧਿਕਾਰਤ ਬੋਰਡ ਲਗਵਾਉਣ, ਦੁਕਾਨਦਾਰਾਂ ਵਲੋਂ ਦੁਕਾਨਾਂ ਦੀ ਹੱਦ ਤੋਂ ਬਾਹਰ ਸੜਕਾਂ ਅਤੇ ਫੁੱਟਪਾਥਾਂ ’ਤੇ ਸਮਾਨ ਰੱਖ ਕੇ ਵੇਚਣ ਉਤੇ ਪਾਬੰਦੀ ਲਗਾ ਦਿੱਤੀ ਹੈ।

ਪੁਲਿਸ ਕਮਿਸ਼ਨਰ ਵੱਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਸਾਈਬਰ ਕ੍ਰਾਈਮ ਨੂੰ ਰੋਕਣ ਲਈ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੋਬਾਇਲ ਫੋਨ ਅਤੇ ਸਿਮ ਵਿਕਰੇਤਾ, ਮੋਬਾਇਲ ਫੋਨ ਅਤੇ ਸਿਮ ਵੇਚਦੇ ਸਮੇਂ ਖ਼ਰੀਦਦਾਰ ਪਾਸੋਂ ਪਹਿਚਾਣ ਪੱਤਰ/ਆਈ.ਡੀ. ਪਰੂਫ/ਫੋਟੋ ਹਾਸਲ ਕੀਤੇ ਬਿਨਾਂ ਮੋਬਾਇਲ ਫੋਨ ਅਤੇ ਸਿਮ ਨਹੀਂ ਵੇਚਣਗੇ ਅਤੇ ਮੋਬਾਇਲ ਫੋਨ ਨੂੰ ਗ੍ਰਾਹਕ/ਵਿਕਰੇਤਾ ਪਾਸੋਂ ਖ਼ਰੀਦ ਕਰਨ ਸਮੇਂ ਗ੍ਰਾਹਕ/ਵਿਕਰੇਤਾ ਨੂੰ ਵੀ ਆਪਣੀ ਫਰਮ ਦੀ ਮੋਹਰ ਅਤੇ ਦਸਤਖਤਾਂ ਹੇਠ ‘ਪ੍ਰਚੇਜ਼ ਸਰਟੀਫਿੇਕਟ’ ਦੇਣਗੇ।

ਇਸ ਤੋਂ ਇਲਾਵਾ ਫੋਨ ਖ਼ਰੀਦਣ ਸਮੇਂ ਖ਼ਰੀਦਦਾਰ ਜਾਂ ਕੋਈ ਉਸਦਾ ਰਿਸ਼ਤੇਦਾਰ/ਜਾਣਕਾਰ ਵਿਅਕਤੀ, ਜਿਸ ਦੇ ਅਕਾਊਂਟ ਵਿਚੋਂ ਯੂ.ਪੀ.ਆਈ. ਪੇਮੈਂਟ ਜਾਂ ਕਾਰਡ ਦੁਆਰਾ ਜਾਂ ਆਨ-ਲਾਈਨ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਆਈ.ਡੀ. ਪਰੂਫ ਵੀ ਦੁਕਾਨਦਾਰ ਹਾਸਲ ਕਰਨ ਦੇ ਜ਼ਿੰਮੇਵਾਰ ਹੋਣਗੇ ਅਤੇ ਗ੍ਰਾਹਕ ਦਾ ਨਾਮ ਅਤੇ ਜਨਮ ਮਿਤੀ, ਪਿਤਾ ਦਾ ਨਾਮ, ਘਰ ਦਾ ਪੂਰਾ ਪਤਾ, ਜਿਸ ਨੂੰ ਫੋਨ ਜਾਂ ਸਿਮ ਵੇਚਿਆ ਹੈ ਜਾਂ ਜਿਸ ਪਾਸੋਂ ਫੋਨ ਖ਼ਰੀਦਿਆ ਹੈ ਉਸ ਦਾ ਆਈ.ਡੀ. ਪਰੂਫ, ਮੋਬਾਇਲ ਅਤੇ ਸਿਮ ਖਰੀਦਣ ਵਾਲੇ ਵਿਅਕਤੀ ਦੇ ਅੰਗੂਠੇ ਦਾ ਨਿਸ਼ਾਨ ਅਤੇ ਦਸਤਖਤ, ਮੋਬਾਇਲ ਫੋਨ ਵੇਚਣ/ਖ਼ਰੀਦਣ ਦੀ ਮਿਤੀ ਅਤੇ ਸਮਾਂ, ਜਿਸ ਵਿਅਕਤੀ ਦੇ ਅਕਾਊਂਟ ਵਿਚੋਂ ਪੇਮੈਂਟ ਹੋਈ ਹੈ, ਉਸ ਵਿਅਕਤੀ ਦਾ ਆਈ.ਡੀ.ਪਰੂਫ ਅਤੇ ਗ੍ਰਾਹਕ ਦੀ ਫੋਟੋ ਅਨੁਸਾਰ ਰਿਕਾਰਡ ਰਜਿਸਟਰ ਮੇਨਟੇਨ ਕਰਨਗੇ।

ਪੁਲਿਸ ਕਮਿਸ਼ਨਰ ਵਲੋਂ ਜਾਰੀ ਇਕ ਹੋਰ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਦੀ ਹੱਦ ਅੰਦਰ ਪੈਂਦੀਆਂ ਵਾਹਨ ਖੜ੍ਹੀਆਂ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ, ਹਸਪਤਾਲ, ਭੀੜ ਵਾਲੇ ਬਜ਼ਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ/ਪ੍ਰਬੰਧਕ (ਕੰਪਲੈਕਸ ਦੇ ਅੰਦਰ ਜਾਂ ਬਾਹਰ ) ਸੀ.ਸੀ.ਟੀ.ਵੀ.ਕੈਮਰੇ ਲਗਾਏ ਬਿਨਾਂ ਵਾਹਨ ਪਾਰਕਿੰਗ ਨਹੀਂ ਚਲਾਉਣਗੇ।

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੀ.ਸੀ.ਟੀ.ਵੀ.ਕੈਮਰੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਜੋ ਵਾਹਨ ਪਾਰਕਿੰਗ ਦੇ ਅੰਦਰ/ਬਾਹਰ ਆਉਂਦਾ-ਜਾਂਦਾ ਹੈ, ਉਸ ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚਿਹਰਾ ਸਾਫ਼ ਨਜ਼ਰ ਆਵੇ ਅਤੇ ਇਸ ਸਬੰਧੀ ਲਗਾਏ ਗਏ ਸੀ.ਸੀ.ਟੀ.ਵੀ.ਕੈਮਰਿਆਂ ਦੀ 45 ਦਿਨ ਦੀ ਰਿਕਾਰਡਿੰਗ ਦੀ ਸੀ.ਡੀ.ਤਿਆਰ ਕਰਨ ਉਪਰੰਤ ਹਰ 15 ਦਿਨ ਬਾਅਦ ਸਕਿਉਰਟੀ ਬ੍ਰਾਂਚ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿੱਚ ਜਮ੍ਹਾ ਕਰਵਾਈ ਜਾਵੇ ।

ਇਸੇ ਤਰ੍ਹਾਂ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕਾਂ ਦਾ ਰਿਕਾਰਡ ਜੇਕਰ ਵਾਹਨ ਇੱਕ ਦਿਨ ਲਈ ਖੜ੍ਹਾ ਕਰਨਾ ਹੋਵੇ ਤਾਂ ਰਜਿਸਟਰ ਵਿੱਚ ਉਸ ਦਾ ਇੰਦਰਾਜ ਵਾਹਨ ਮਾਲਕ ਦਾ ਨਾਮ, ਮੋਬਾਇਲ ਨੰਬਰ, ਆਈ.ਡੀ., ਵਾਹਨ ਦੀ ਕਿਸਮ, ਰਜਿਸਟਰੇਸ਼ਨ ਨੰਬਰ, ਚੈਸੀ ਨੰਬਰ, ਇੰਜਣ ਨੰਬਰ, ਵਾਹਨ ਪਾਰਕ ਕਰਨ ਦੀ ਮਿਤੀ ਅਤੇ ਵਾਹਨ ਵਾਪਸ ਲੈਣ ਦੀ ਮਿਤੀ ਦਰਜ ਕਰਨ ਤੋਂ ਇਲਾਵਾ ਵਾਹਨ ਮਾਲਕ ਦੇ ਰਜਿਸਟਰ ਉਪਰ ਦਸਤਖਤ ਕਰਵਾਏ ਜਾਣ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਾਹਨ ਇੱਕ ਦਿਨ ਤੋਂ ਵੱਧ ਸਮੇਂ ਲਈ ਖੜ੍ਹਾ ਕਰਨਾ ਹੋਵੇ ਤਾਂ ਉਸ ਦਾ ਇੰਦਰਾਜ ਰਜਿਸਟਰ ਵਿੱਚ ਉਕਤ ਅਨੁਸਾਰ ਕਰਕੇ ਵਾਹਨ ਮਾਲਕ ਕੋਲੋਂ ਵਾਹਨ ਦੀ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਇਸੰਸ ਦੀ ਫੋਟੋ ਕਾਪੀ ਲੈ ਕੇ ਬਤੌਰ ਰਿਕਾਰਡ ਰੱਖਿਆ ਜਾਵੇ । ਇਸ ਤੋਂ ਇਲਾਵਾ ਪਾਰਕਿੰਗ ਵਾਲੀਆਂ ਥਾਵਾਂ ’ਤੇ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣਿਆਂ ਤੋਂ ਕਰਵਾਈ ਜਾਵੇ।

ਪੁਲਿਸ ਕਮਿਸ਼ਨਰ ਨੇ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਜਲੰਧਰ ਅਧੀਨ ਆਉਂਦੇ ਇਲਾਕੇ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ/ਮਾਂਝਾ ਡੋਰ (ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਾਂ ਕੋਈ ਅਜਿਹੀ ਡੋਰ/ਧਾਗਾ, ਜਿਸ ਉਪਰ ਸਿੰਥੈਟਿਕ/ਕੱਚ/ਤਿੱਖੀ ਧਾਤੂ ਦੀ ਪਰਤ ਚੜ੍ਹੀ ਹੋਵੇ) ਪੰਜਾਬ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਨਾ ਹੋਵੇ, ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖ਼ਰੀਦ ਕਰਨ, ਸਪਲਾਈ ਕਰਨ, ਆਯਾਤ ਕਰਨ ਅਤੇ ਪਤੰਗ ਉਡਾਉਣ ਲਈ ਵਰਤਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਤੰਗ ਉਡਾਉਣ ਦੀ ਇਜਾਜ਼ਤ ਸਿਰਫ਼ ਸੂਤੀ ਧਾਗੇ ਨਾਲ ਹੀ ਹੋਵੇਗੀ, ਜੋ ਕਿਸੇ ਪ੍ਰਕਾਰ ਦੇ ਤਿੱਖੇ ਧਾਤੂ/ਕੱਚ ਜਾਂ ਧਾਗੇ ਨੂੰ ਮਜ਼ਬੂਤ ਕਰਨ ਲਈ ਚਿਪਕਾਈ ਗਈ ਪਰਤ ਤੋਂ ਰਹਿਤ ਹੋਵੇ। ਉਪਰੋਕਤ ਸਾਰੇ ਹੁਕਮ 5 ਮਈ 2025 ਤੱਕ ਲਾਗੂ ਰਹਿਣਗੇ।

Related Articles

Leave a Reply

Your email address will not be published.

Back to top button