ਭੁੰਨਰਹੇੜੀ/ਪਟਿਆਲਾ, 07 ਸਤੰਬਰ (ਕ੍ਰਿਸ਼ਨ ਗਿਰ) : ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਮਰਦਾਂਹੇੜੀ ਦੇ ਪਿੰਡ ਵਾਸੀਆਂ ਨੇ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਪਿੰਡ `ਚ ਆਉਣ ਤੇ ਪਾਬੰਦੀ ਲਗਾਉਂਦੇ ਹੋਏ ਮਤਾ ਪਾਸ ਕੀਤਾ ਹੈ।ਪਿੰਡ ਮਰਦਾਂਹੇੜੀ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਅਹਿਮ ਮੀਟਿੰਗ ਕਰਕੇ ਸਿਆਸੀ ਪਾਰਟੀਆਂ ਖਿਲਾਫ ਸਹਿਮਤੀ ਨਾਲ ਮਤਾ ਪਾਸ ਕੀਤਾ ਤੇ ਆਗੂਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਜਾਰੀ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ 600 ਦੇ ਲਗਭਗ ਕਿਸਾਨਾਂ ਦੀ ਸ਼ਹਾਦਤ ਕਾਰਨ ਇੱਕਤੱਰਤਾ ਕਰਕੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਗਿਆ ਕਿ ਪਿੰਡ ਦੇ ਅੰਦਰ ਕਿਸੇ ਵੀ ਸਿਆਸੀ ਪਾਰਟੀ ਦੀ ਮੀਟਿੰਗ ਤੇ ਨੇਤਾਵਾਂ ਦੇ ਪਿੰਡ ਵਿੱਚ ਆਉਣ ਤੇ ਪਾਬੰਦੀ ਰਹੇਗੀ।ਉਨ੍ਹਾਂ ਦੱਸਿਆ ਕਿ ਕਿਸੇ ਪਾਰਟੀ ਦੇ ਨੇਤਾ ਨੂੰ ਪਿੰਡ ‘ਚ ਆਉਣ, ਵੋਟਾਂ ਮੰਗਣ ਤੇ ਇੱਕਠ ਨੂੰ ਸੰਬੋਧਨ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਪਾਰਟੀ ਦਾ ਨੇਤਾ ਪਿੰਡ ‘ਚ ਆਉਂਦਾ ਹੈ ਅਤੇ ਕੋਈ ਪਿੰਡ ਵਾਸੀ ਵੀ ਕਿਸੇ ਨੇਤਾ ਨੂੰ ਬੁਲਾਉਂਦਾ ਹੈ ਤਾਂ ਕਿਸਾਨਾਂ ਵਲੋਂ ਉਸਦਾ ਵੀ ਵਿਰੋਧ ਕੀਤਾ ਜਾਵੇਗਾ।ਪਿੰਡ ਵਾਸੀਆਂ ਵਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਜੇਕਰ ਕੋਈ ਪਿੰਡ ਵਾਸੀ ਫੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗਾ, ਜਿਸਦਾ ਉਹ ਆਪ ਜਿੰਮੇਵਾਰ ਹੋਵੇਗਾ।ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦਾ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਹੁਕਮ ਤਕ ਲਾਗੂ ਰਹੇਗਾ।ਇਸ ਮੀਟਿੰਗ ਦੌਰਾਨ ਸੁਖਦੀਪ ਨੰਬਰਦਾਰ,ਮਹਿੰਦਰ ਸਿੰਘ,ਬਲਜੀਤ ਸਿੰਘ,ਕੁਲਵੰਤ ਸਿੰਘ ਪੰਚ, ਪਲਵਿੰਦਰ ਸਿੰਘ,ਬਲਦੇਵ ਸਿੰਘ ਭੋਲਾ,ਗੁਰਮੀਤ ਸਿੰਘ ਪੰਚ,ਅਜੈਬ ਸਿੰਘ ਪੰਚ,ਦਵਿੰਦਰ ਸਿੰਘ ਪੰਚ, ਹਰਵਿੰਦਰ ਸਿੰਘ ਪੰਚ,ਪਰਵਿੰਦਰ ਸਿੰਘ, ਕੇਸਰ ਸਿੰਘ, ਸੁਰਜੀਤ ਸਿੰਘ,ਬਲਜੀਤ ਸਿੰਘ, ਗੁਰਦੀਪ ਸਿੰਘ,ਬਲਕਾਰ ਸਿੰਘ,ਰਾਜਵਿੰਦਰ ਸਿੰਘ ,ਗੁਰਦੀਪ ਸਿੰਘ,ਬਲਕਾਰ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਭਗਵੰਤ ਸਿੰਘ,ਕਰਨੈਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਦੇ ਕਿਸਾਨ,ਮਜਦੂਰ ਤੇ ਪੱਤਵੰਤੇ ਮੌਜੂਦ ਸਨ।