ताज़ा खबरपंजाब

ਪਿੰਡ ਭੰਗਵਾ ‘ਚ ਹੋਏ ਅਣਪਛਾਤੀ ਮਹਿਲਾ ਦੇ ਕਤਲ ਕੇਸ ਦੀ ਗੁੱਥੀ ਪੁਲਿਸ ਨੇ ਸੁਲਝਾਈ

ਅੰਮ੍ਰਿਤਸਰ/ਜੰਡਿਆਲਾ ਗੁਰੂ, 21 ਸਤੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਭੰਗਵਾਂ ‘ਚ ਬੀਤੀ ਰਾਤ ਇਕ ਟਿਊਬਵੈੱਲ ਤੋਂ ਇੱਕ ਮਹਿਲਾ ਦੀ ਅਰਧ ਨਗਨ ਲਾਸ਼ ਮਿਲੀ ਸੀ।ਇਹ ਟਿਊਬਵੈੱਲ ਕਿਸਾਨ ਬਲਕਾਰ ਸਿੰਘ ਵਾਸੀ ਭੰਗਵਾਂ ਦਾ ਹੈ।ਇਸ ਸੰਬੰਧੀ ਐੱਸਐੱਚਓ ਜੰਡਿਆਲਾ ਗੁਰੂ ਇੰਸਪੈਕਟਰ ਅਮੋਲਕ ਸਿੰਘ ਅਤੇ ਚੌਕੀ ਇੰਚਾਰਜ ਗਹਿਰੀ ਮੰਡੀ ਏਐਸਆਈ ਰਾਜਬੀਰ ਸਿੰਘ ਨੇ ਦੱਸਿਆ ਬੀਤੀ ਸ਼ਾਮ ਨੂੰ ਕਿਸਾਨ ਬਲਕਾਰ ਸਿੰਘ ਨੇ ਪੁਲੀਸ ਨੂੰ ਆ ਕੇ ਜਾਣਕਾਰੀ ਦਿੱਤੀ ਕਿ ਉਸ ਦਾ ਟਿਊਬਵੈੱਲ ਜੋ ਭੰਗਵਾਂ ਤੋਂ ਰਾਣਾ ਕਾਲਾ ਜਾਣ ਵਾਲੀ ਸੜਕ ਉਪਰ ਸਥਿਤ ਹੈ, ਉਥੇ ਇਕ ਅਣਪਛਾਤੀ ਮਹਿਲਾ ਦੀ ਲਾਸ਼ ਪਈ ਹੋਈ ਹੈ।ਐਸਐਚਓ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੇ ਅਰਧਨਗਨ ਹਾਲਤ ਵਿਚ ਇੱਕ ਮਹਿਲਾ ਉਮਰ ਕਰੀਬ 43 ਸਾਲ ਦੀ ਲਾਸ਼ ਪਈ ਸੀ।ਜਿਸ ਦੀ ਖੱਬੀ ਬਾਂਹ ਉੱਪਰ ਇੰਦਰਜੀਤ ਲਿਖਿਆ ਹੋਇਆ ਹੈ ਅਤੇ ਉਸ ਉਪਰ ਬਲੇਡ ਨਾਲ ਕੱਟ ਲਗਾਏ ਹੋਏ ਸਨ।

ਮਹਿਲਾ ਦੀ ਲਾਸ਼ ਕੋਲ ਇਕ ਲਾਈਟਰ ਵੀ ਪਿਆ ਮਿਲਿਆ ਹੈ।ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਵੇਰੇ ਐੱਸਐੱਸਪੀ ਦਿਹਾਤੀ ਸਵੰਪਨ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।ਜਿਸ ਮਹਿਲਾ ਦੀ ਲਾਸ਼ ਮਿਲੀ ਹੈ ਅੱਜ ਉਸਦੀ ਪਹਿਚਾਣ ਜੋਤੀ ਪਤਨੀ ਸੌਰਵ ਵਾਸੀ ਗਲੀ ਦਰਬਾਰ ਸਾਹਿਬ ਵਾਲੀ ,ਜਾਣਿਆ ਰੋਡ ਜੰਡਿਆਲਾ ਗੁਰੂ ਦੇ ਰੂਪ ਵਿੱਚ ਹੋਈ ਹੈ।ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਪਰਸੋਂ ਸਵੇਰੇ ਘਰੋਂ ਕੁਝ ਲੈਣ ਵਾਸਤੇ ਬਾਜ਼ਾਰ ਗਈ ਸੀ ਪਰ ਵਾਪਸ ਨਹੀਂ ਆਈ।

ਉਨ੍ਹਾਂ ਦੱਸਿਆ ਅੱਜ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਇਸ ਦੀ ਤਸਵੀਰ ਖ਼ਬਰ ਦੇ ਨਾਲ ਵਾਇਰਲ ਹੁੰਦੀ ਹੋਈ ਵੇਖੀ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਝਗੜਾ ਸਥਾਨਕ ਮੁਹੱਲਾ ਸ਼ੇਖੂਪੁਰਾ ਦੇ ਕੁਝ ਲੋਕਾਂ ਨਾਲ ਹੋਇਆ ਸੀ।ਇਸ ਸਬੰਧੀ ਐੱਸਐੱਚਓ ਜੰਡਿਆਲਾ ਗੁਰੂ ਨੇ ਕਿਹਾ ਪੁਲਿਸ ਇਸ ਮਾਮਲੇ ਦੀ ਜਾਂਚ ਤਕਨੀਕੀ ਤਰੀਕੇ ਨਾਲ ਕਰ ਰਹੀ ਹੈ ਅਤੇ ਬਹੁਤ ਜਲਦ ਹੀ ਇਸ ਹੱਤਿਆ ਵਿਚ ਸ਼ਾਮਲ ਲੋਕਾਂ ਬਾਰੇ ਖੁਲਾਸਾ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published.

Back to top button