क्राइमताज़ा खबरपंजाब

ਪਿੰਡ ਗੰਡੀਵਿੰਡ ‘ਚ ਸਹਿਕਾਰੀ ਕੋਆਪਰੇਟਿਵ ਬੈਂਕ ਨੂੰ ਸੰਨ੍ਹ, ਤਿਜੋਰੀ ਵਿੱਚ ਰੱਖੀ 4.60 ਲੱਖ ਰੁਪਏ ਦੀ ਰਾਸ਼ੀ ਚੋਰੀ

ਇਲਾਕੇ 'ਚ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਵਿੱਚ ਹੋਇਆ ਵਾਧਾ, ਇੱਕ ਹਫਤੇ ਵਿੱਚ ਹੋਈਆਂ ਕਈ ਚੋਰੀਆਂ

ਚੋਹਲਾ ਸਾਹਿਬ/ਤਰਨਤਾਰਨ, 05 ਅਗਸਤ (ਰਾਕੇਸ਼ ਨਈਅਰ) : ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਗੰਡੀਵਿੰਡ ਦੀ ਅਨਾਜ ਮੰਡੀ ਵਿਖੇ ਸਹਿਕਾਰੀ ਕੋਆਪਰੇਟਿਵ ਬੈਂਕ ਦੀ ਦੀਵਾਰ ਨੂੰ ਸੰਨ੍ਹ ਲਗਾ ਕੇ ਚੋਰਾਂ ਵਲੋਂ ਅੰਦਰ ਪਈ ਤਿਜੋਰੀ ਵਿਚੋਂ 4.60 ਲੱਖ ਦੀ ਰਾਸ਼ੀ ਚੋਰੀ ਕਰ ਲਈ ਗਈ ਹੈ। ਮੌਕੇ ਤੇ ਪਹੁੰਚੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ ਕੇਸ ਦਰਜ਼ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।ਚੋਰੀ ਦਾ ਪਤਾ ਉਸ ਵੇਲੇ ਲੱਗਾ ਜਦੋਂ ਬੈਂਕ ਦੇ ਸੇਵਾਦਾਰ ਵਲੋਂ ਸਵੇਰੇ ਬੈਂਕ ਦੇ ਗੇਟ ਨੂੰ ਖੋਲ੍ਹਿਆ ਗਿਆ ਤਾਂ ਕੰਧ ਪਾੜੀ ਹੋਣ ਕਰਕੇ ਅੰਦਰ ਚਾਨਣ ਦਿਖਾਈ ਦਿੱਤਾ।ਸੇਵਾਦਾਰ ਵਲੋਂ ਤੁਰੰਤ ਬੈਂਕ ਦੇ ਮੈਨੇਜਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ।ਬੈਂਕ ਮੈਨੇਜਰ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸਨੇ ਬੈਂਕ ਵਿੱਚ ਆ ਕੇ ਦੇਖਿਆ ਕਿ ਚੋਰ ਬੈਂਕ ਦੀ ਪਿਛਲੀ ਖੇਤਾਂ ਵਾਲੇ ਪਾਸੇ ਦੀ ਦੀਵਾਰ ਨੂੰ ਪਾੜ ਕੇ ਅੰਦਰ ਦਾਖਲ ਹੋਏ।

ਉਨ੍ਹਾਂ ਦੱਸਿਆ ਕਿ ਰਾਤ ਨੂੰ ਬੈਂਕ ਵਿੱਚ ਚੌਂਕੀਦਾਰ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਬੈਂਕ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਤੋਂ ਪਤਾ ਚੱਲਦਾ ਹੈ ਕਿ ਚੋਰ ਜਿਨ੍ਹਾਂ ਦੀ ਗਿਣਤੀ ਤਿੰਨ ਸੀ,ਨੇ ਆਪਣੇ ਮੂੰਹ ਢੱਕੇ ਹੋਏ ਸਨ।ਰਾਤ ਇੱਕ ਵਜੇ ਦੇ ਕਰੀਬ ਬੈਂਕ ਅੰਦਰ ਦਾਖਲ ਹੋਏ,ਪਰ ਚੋਰਾਂ ਨੂੰ ਬੈਂਕ ਵਿੱਚ ਕੈਮਰੇ ਲੱਗੇ ਹੋਣ ਦਾ ਪਤਾ ਚੱਲਣ ਤੇ ਚੋਰਾਂ ਵਲੋਂ ਕੈਮਰਿਆਂ ਨੂੰ ਘੁਮਾ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਕੋਈ ਹਰਕਤ ਕੈਮਰਿਆਂ ਵਿੱਚ ਨਜ਼ਰ ਨਹੀਂ ਆਈ। ਬੈਂਕ ਮੈਨੇਜਰ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਚੋਰ ਕੰਧ ਪਾੜ ਕੇ ਅੰਦਰ ਦਾਖਲ ਹੋਣ ਤੋਂ ਬਾਅਦ ਕਮਰੇ ਵਿੱਚ ਰੱਖੀ ਤਿਜੋਰੀ ਨੂੰ ਕਟਰ ਨਾਲ ਕੱਟ ਕੇ ਉਸ ਵਿੱਚ ਰੱਖੀ 460861 ਰੁਪਏ ਦੀ ਰਾਸ਼ੀ ਚੋਰੀ ਕਰਕੇ ਲੈ ਗਏ। ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਅਤੇ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਇਜ਼ਾ ਲਿਆ।ਐਸ.ਐਚ.ਓ ਨੇ ਦੱਸਿਆ ਕਿ ਚੋਰਾਂ ਦੀ ਸਨਾਖਤ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ। ਬੈਂਕ ਮੈਨੇਜਰ ਭੁਪਿੰਦਰ ਸਿੰਘ ਸੰਧੂ ਵਲੋਂ ਦਿੱਤੇ ਗਏ ਬਿਆਨਾਂ ‘ਤੇ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਬੈਂਕ ਵਿੱਚ ਹੋਈ ਚੋਰੀ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

ਵਰਨਣਯੋਗ ਹੈ ਕਿ ਇਲਾਕੇ ‘ਚ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਵਾਸੀ ਸਿਕੰਦਰ ਸਿੰਘ,ਸੁਖਚੈਨ ਸਿੰਘ ਮੈਂਬਰ ਪੰਚਾਇਤ,ਰਣਜੀਤ ਸਿੰਘ,ਬਲਬੀਰ ਸਿੰਘ ਮੈਂਬਰ, ਲਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਗੰਡੀਵਿੰਡ ਵਿਖੇ ਹੀ ਇੱਕ ਹਫ਼ਤੇ ਵਿੱਚ ਚਾਰ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚੋਰਾਂ ਵਲੋਂ ਦੋ ਦੁਕਾਨਾਂ ਅਤੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ।ਇੱਕ ਐਕਟੀਵਾ ਵੀ ਚੋਰੀ ਹੋਈ ਪਰ ਪੁਲਿਸ ਅਜੇ ਤੱਕ ਚੋਰਾਂ ਦਾ ਪਤਾ ਲਗਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਚੋਰਾਂ ਦਾ ਜਲਦ ਪਤਾ ਲਗਾਇਆ ਜਾਵੇ।

Related Articles

Leave a Reply

Your email address will not be published.

Back to top button