ਚੋਹਲਾ ਸਾਹਿਬ/ਤਰਨਤਾਰਨ, 22 ਫਰਵਰੀ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਚੋਹਲਾ ਖੁਰਦ ਵਿਖੇ 21-22 ਫਰਵਰੀ ਦੀ ਦਰਮਿਆਨੀ ਰਾਤ ਨੂੰ ਲੁਟੇਰਿਆਂ ਵਲੋਂ ਇੱਕ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਪਤੀ ਪਤਨੀ ਨੂੰ ਪਿਸਤੌਲ ਦੀ ਨੋਕ ‘ਤੇ ਬੰਧਕ ਬਣਾ ਕੇ ਘਰ ਵਿਚੋਂ ਗਹਿਣੇ ਅਤੇ ਨਗਦੀ ਲੁੱਟ ਕੇ ਫ਼ਰਾਰ ਹੋ ਗਏ । ਦੱਸਿਆ ਜਾਂਦਾ ਹੈ ਕਿ 10 ਕਰੀਬ ਅਣਪਛਾਤੇ ਲੁਟੇਰੇ ਜਿੰਨਾ ਕੋਲ ਪਿਸਤੌਲ,ਕਿਰਪਾਨਾਂ ਤੇ ਹੋਰ ਮਾਰੂ ਹਥਿਆਰ ਸਨ 1 ਘੰਟੇ ਦੇ ਕਰੀਬ ਘਰ ਵਿੱਚ ਦਾਖਲ ਰਹੇ ਅਤੇ ਬੇਖੌਫ ਹੋਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਘਰ ਦੇ ਮੁਖੀ ਪੀੜਤ ਅਮਰਜੀਤ ਸਿੰਘ ਨੇ ਦੱਸਿਆ ਕਿ ਰਾਤ ਉਹ ਸੁੱਤੇ ਹੋਏ ਸਨ ਕਿ 1 ਵਜੇ ਦੇ ਕਰੀਬ ਅਣਪਛਾਤੇ ਲੁਟੇਰੇ ਜਿੰਨਾ ਦੀ ਗਿਣਤੀ 10 ਦੇ ਕਰੀਬ ਸੀ, ਕੰਧ ਟੱਪ ਕੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਮੈਨੂੰ ਅਤੇ ਮੇਰੀ ਪਤਨੀ ਨੂੰ ਪਿਸਤੌਲ ਦੀ ਨੋਕ ਤੇ ਬੰਧਕ ਬਣਾ ਲਿਆ ਅਤੇ ਰੌਲਾ ਪਾਉਣ ‘ਤੇ ਮਾਰ ਦੇਣ ਦੀ ਧਮਕੀ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਕੋਲ ਪਿਸਤੌਲ, ਕਿਰਪਾਨਾਂ ਅਤੇ ਹੋਰ ਤਿੱਖੇ ਹਥਿਆਰ ਸਨ।
ਲੁਟੇਰੇ ਕਰੀਬ 1ਘੰਟਾ ਘਰ ਵਿੱਚ ਦਾਖਲ ਰਹੇ ਅਤੇ ਕਮਰਿਆਂ ਦੀ ਫਰੋਲਾ-ਫਰਾਲੀ ਕਰਦੇ ਰਹੇ।ਜਾਂਦੇ ਹੋਏ ਲੁਟੇਰੇ ਘਰ ਵਿਚੋਂ ਸੋਨੇ ਦੇ ਦੋ ਸੈੱਟ,ਇੱਕ ਸੋਨੇ ਦੀ ਚੈਨੀ, ਤਿੰਨ ਸੋਨੇ ਦੀਆਂ ਮੁੰਦਰੀਆਂ, ਮੋਬਾਈਲ ਸੈੱਟ ਅਤੇ ਘਰ ਵਿੱਚ ਰੱਖੀ ਪੰਜ ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਸੰਬੰਧੀ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚੇ ਥਾਣਾ ਚੋਹਲਾ ਸਾਹਿਬ ਦੇ ਡਿਊਟੀ ਅਫ਼ਸਰ ਏਐਸਆਈ ਹਰਵੰਤ ਸਿੰਘ ਨੇ ਕਿਹਾ ਹੈ ਪੁਲਿਸ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।