ਚੋਹਲਾ ਸਾਹਿਬ/ਤਰਨਤਾਰਨ, 20 ਜੁਲਾਈ (ਰਕੇਸ਼ ਨਈਅਰ) : ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਲਈ ਪੰਜਾਬ ਦੇ ਸਮੂਹ ਸਕੂਲਾਂ ਨੂੰ ਜਾਗਰੂਕ ਕਰਨ ਲਈ ਟ੍ਰੇਨਿੰਗਸ ਲਗਾਤਾਰ ਜਾਰੀ ਹਨ।ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬਲਾਕ ਚੋਹਲਾ ਸਾਹਿਬ ਦੇ ਸਮੂਹ ਸਕੂਲ ਮੁਖੀਆਂ ਅਤੇ ਸੈਂਟਰ ਸਕੂਲ ਮੁਖੀਆਂ ਦੀ ਇੱਕ ਮੀਟਿੰਗ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ,ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਸ.ਪਰਮਜੀਤ ਸਿੰਘ ਅਤੇ ਬੀ.ਈ.ਈ.ਓ. ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਹੋਈ।ਇਸ ਮੀਟਿੰਗ ਵਿੱਚ ਜਿਲ੍ਹਾ ਸਮਾਰਟ ਸਕੂਲ ਕੋ-ਆਰਡੀਨੇਟਰ ਅਮਨਦੀਪ ਸਿੰਘ ਖਾਸ ਤੌਰ ਤੇ ਹਾਜ਼ਰ ਸਨ।ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਨੇ ਸਮੂਹ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਬਲਾਕ ਚੋਹਲਾ ਸਾਹਿਬ ਦੀ ਤਾਰੀਫ਼ ਕਰਦਿਆਂ ਹੋਇਆਂ ਸਮੂਹ ਅਧਿਆਪਕਾਂ ਨੂੰ ਆਗਾਮੀ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਬਾਰੇ ਬਿਲਕੁਲ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।
ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਸ. ਪਰਮਜੀਤ ਸਿੰਘ ਨੇ ਬੋਲਦਿਆਂ ਕਿਹਾ ਕਿਹਾ ਇਸ ਵਾਰ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਸੀ.ਬੀ.ਐੱਸ.ਸੀ ਵਲੋਂ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਬਲਾਕ ਚੋਹਲਾ ਸਾਹਿਬ ਦੇ ਸਮੂਹ ਅਧਿਆਪਕ ਬਹੁਤ ਹੀ ਕਾਬਿਲ ਅਤੇ ਯੋਗ ਹਨ ਅਤੇ ਸਮੂਹ ਅਧਿਆਪਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਬਲਾਕ ਚੋਹਲਾ ਸਾਹਿਬ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਵਿੱਚ ਵੀ ਪਹਿਲੇ ਸਥਾਨ ਤੇ ਕਾਬਜ਼ ਰੱਖਣ।ਜਿਲ੍ਹਾ ਸਮਾਰਟ ਸਕੂਲ ਕੋ-ਆਰਡੀਨੇਟਰ ਅਮਨਦੀਪ ਸਿੰਘ ਨੇ ਬਲਾਕ ਚੋਹਲਾ ਸਾਹਿਬ ਵਿੱਚ ਸਕੂਲ ਨੂੰ ਆਕਰਸ਼ਕ ਬਣਾਉਣ ਲਈ ਸਮੂਹ ਸਕੂਲ ਅਧਿਆਪਕਾਂ ਦੀ ਤਾਰੀਫ਼ ਕੀਤੀ।ਇਸ ਟ੍ਰੇਨਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਬਲਾਕ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੇ ਟ੍ਰੇਨਿੰਗ ਵਿੱਚ ਬਤੌਰ ਰਿਸੋਰਸ ਪਰਸਨ ਦੀ ਭੂਮਿਕਾ ਵੀ ਬੜੀ ਸਫਲਤਾਪੂਰਵਕ ਨਿਭਾਈ।
ਬਲਾਕ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਸੰਧੂ ਨੇ ਮੀਟਿੰਗ ਦੌਰਾਨ ਪਿਛਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੇ ਆਂਕੜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਗਾਮੀ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਦੇ ਪੈਰਾਮੀਟਰਸ ਬਾਰੇ ਸਮੂਹ ਅਧਿਆਪਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਬਲਾਕ ਦੇ ਸਮੂਹ ਅਧਿਆਪਕਾਂ ਦੀ ਕਾਬਲੀਅਤ ਨੂੰ ਸਲਾਹੁੰਦੇ ਹੋਏ ਕਿਹਾ ਕਿ ਸਾਰੇ ਹੀ ਅਧਿਆਪਕ ਇਹ ਕਾਬਲੀਅਤ ਰੱਖਦੇ ਹਨ ਕਿ ਬੱਚਿਆਂ ਦੇ ਨਾਲ ਜੀ ਤੋੜ ਮਿਹਨਤ ਕਰਕੇ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਵਿੱਚ ਸਫਲਤਾ ਪ੍ਰਾਪਤ ਕਰਨਗੇ ਅਤੇ ਆਪਣਾ ਅਤੇ ਬਲਾਕ ਚੋਹਲਾ ਸਾਹਿਬ ਦਾ ਨਾਮ ਰੋਸ਼ਨ ਕਰਨਗੇ।