ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ ਸਾਹਿਲ ਗੁਪਤਾ) : ਨਾਮਧਾਰੀ ਸੰਗਤ ਨੇ ਇੰਡੀਆ ਗੇਟ ਸ਼੍ਰੀ ਅੰਮ੍ਰਿਤਸਰ ਵਿਖੇ ਸ਼ਾਂਤੀ ਪੁਰਕ ਪ੍ਰਦਰਸ਼ਨ ਕੀਤਾ । ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਾਡੇ ਦੇਸ਼ ਵਿੱਚ ਬਣੇ ਹੋਏ ਗੁਲਾਮੀ ਚਿੰਨ ਹਟਾਏ ਜਾਣ ਅਤੇ ਓਥੇ ਸੁਤੰਤਰਤਾ ਸਮਾਰਕ ਬਣਾਏ ਜਾਣ। ਨਾਮਧਾਰੀ ਸੰਗਤ ਦੇ ਪ੍ਰਤਿਨਿਧੀ ਨੇ ਦੱਸਿਆ ਕਿ ਨਾਮਧਾਰੀ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਪਿਛਲੇ ਸੱਤ ਸਾਲਾਂ ਤੋਂ ਇਸ ਲਈ ਯਤਨਸ਼ੀਲ ਹਨ। ਇੰਡੀਆ ਗੇਟ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇੰਡੀਆ ਗੇਟ ਉਨ੍ਹਾਂ ਭਾਰਤੀਆਂ ਦੀ ਯਾਦ ਵਿੱਚ ਅੰਗ੍ਰੇਜਾਂ ਨੇ ਬਣਾਇਆ ਸੀ ਜੋ ਸਾਡੇ ਦੇਸ਼ ਭਗਤਾਂ ਨੂੰ ਮਾਰਦੇ ਹੋਏ ਅਤੇ ਅੰਗ੍ਰੇਜ਼ਾਂ ਵੱਲੋਂ ਲੜਦੇ ਹੋਏ ਮਾਰੇ ਗਏ ਸਨ। ਇਹ ਓਹੀ ਭਾਰਤੀ ਸਨ ਜਿਨ੍ਹਾਂ ਨੇ ਪੈਸੇ ਅਤੇ ਸੁਖ ਸੁਵਿਧਾ ਵਾਸਤੇ ਆਪਣੇ ਲੋਕਾਂ ਨਾਲ ਗੱਦਾਰੀ ਕੀਤੀ ਸੀ। ਉਨ੍ਹਾਂ ਦੀ ਯਾਦ ਵਿੱਚ ਬਣਿਆ ਇੰਡੀਆ ਗੇਟ ਸਾਡੀ ਵਿਰਾਸਤ ਕਿਵੇਂ ਹੋ ਸਕਦੀ ਹੈ?
ਸਾਡੇ ਭਾਰਤੀਆਂ ਲਈ ਇਹ ਮਾਣ ਵਾਲੀ ਗੱਲ ਨੀ ਕਿ ਅਸੀਂ ਇੰਡੀਆ ਗੇਟ ਨੂੰ ਵਿਰਾਸਤ ਵਜੋਂ ਵੇਖ ਕੇ ਖੁਸ਼ ਹੋਈਏ। ਜਦਕਿ ਬਰਮਾ ਅਤੇ ਕੰਬੋਡੀਆ ਵਰਗੇ ਦੇਸ਼ ਜੋ ਅੰਗ੍ਰੇਜ਼ਾਂ ਦੇ ਗੁਲਾਮ ਰਹਿ ਚੁੱਕੇ ਨੇ, ਉਨ੍ਹਾਂ ਦੇਸ਼ਾਂ ਨੇ ਵੀ ਆਪਣੇ ਦੇਸ਼ਾਂ ‘ਚ ਸੁਤੰਤਰਤਾ ਸਮਾਰਕ ਬਣਾ ਲਏ ਹਨ। ਪਰ ਅਸੀਂ ਕੁਝ ਨੀ ਕੀਤਾ। ਇਸ ਲਈ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਅਤੇ ਨਾਮਧਾਰੀ ਸੰਗਤ ਸੱਤ ਸਾਲਾਂ ਤੋਂ ਮੰਗ ਕਰ ਰਹੀ ਹੈ ਕਿ ਇੰਡੀਆ ਗੇਟ ਨੂੰ ਹਟਾ ਕੇ ਭਾਰਤ ਦਾ ਸੁਤੰਤਰਤਾ ਸਮਾਰਕ ਬਣਾਇਆ ਜਾਵੇ। ਜੇ ਭਾਰਤ ਸਰਕਾਰ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸੁਤੰਤਰਤਾ ਸਮਾਰਕ ਬਣਾਉਂਦੀ ਹੈ ਤਾਂ ਇਹ ਮਹਾਨ ਯੋਧਿਆਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਮੌਕੇ ਸਵਰਨ ਸਿੰਘ, ਪ੍ਰਿਤਪਾਲ ਸਿੰਘ ,ਹਰਪਾਲ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਸਰੈਣ ਸਿੰਘ, ਸਰਮੇਜ ਸਿੰਘ, ਹਰਬੀਰ ਸਿੰਘ, ਰਤਨ ਸਿੰਘ ਅਤੇ ਨਾਮਧਾਰੀ ਸੰਗਤ ਹਾਜਰ ਸਨ।