
ਚੰਡੀਗੜ੍ਹ, 04 ਅਪ੍ਰੈਲ (ਬਿਊਰੋ) : ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਨੂੰ ਇਸ ਵੇਲੇ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਉਸ ਦੀ ਪਟੀਸ਼ਨ ‘ਤੇ ਸੁਣਵਾਈ 9 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।
ਗੁਰਸ਼ੇਰ ਸਿੰਘ ਨੇ ਪਟੀਸ਼ਨ ਵਿਚ ਦਿੱਤੀ ਇਹ ਦਲੀਲ
ਗੁਰਸ਼ੇਰ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਕਦੇ ਵੀ ਉਸ ਦੀ ਹਿਰਾਸਤ ਵਿਚ ਨਹੀਂ ਸੀ, ਸਗੋਂ ਉਸਨੂੰ ਪਹਿਲੇ ਦਿਨ ਤੋਂ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਪਣੀ ਕਸਟਡੀ ਵਿਚ ਲਿਆ ਹੋਇਆ ਸੀ।
ਇਸ ਦੇ ਬਾਵਜੂਦ, ਉਸ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਬਰਖਾਸਤ ਕਰ ਦਿੱਤਾ ਗਿਆ। ਉਸ ਨੇ ਅਦਾਲਤ ਤੋਂ ਆਪਣੇ ਪੱਖ ਨੂੰ ਸੁਣਨ ਅਤੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਕੋਰਟ ਨੇ ਰਾਹਤ ਦੇਣ ਤੋਂ ਕੀਤਾ ਇਨਕਾਰ
ਵੀਰਵਾਰ ਨੂੰ ਹੋਈ ਸੁਣਵਾਈ ਵਿਚ ਹਾਈ ਕੋਰਟ ਨੇ ਗੁਰਸ਼ੇਰ ਸਿੰਘ ਨੂੰ ਇਸ ਵੇਲੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਕਿਉਂਕਿ ਉਸ ਨੇ ਪਹਿਲਾਂ ਹੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਇਸ ਲਈ ਹਾਈ ਕੋਰਟ ਇਸ ‘ਤੇ ਸੁਣਵਾਈ ਨਹੀਂ ਕਰ ਸਕਦੀ।
ਅਸਲ ਵਿੱਚ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਲ 2023 ਦੇ ਮਾਰਚ ਵਿਚ ਇੰਟਰਵਿਊ ਜਾਰੀ ਹੋਇਆ ਸੀ। ਇਹ ਪੂਰਾ ਇੰਟਰਵਿਊ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਇਆ ਅਤੇ ਇਕ ਨਿੱਜੀ ਚੈਨਲ ‘ਤੇ ਟੈਲੀਕਾਸਟ ਵੀ ਕੀਤਾ ਗਿਆ। ਉਸ ਸਮੇਂ ਲਾਰੈਂਸ ਸੀਆਈਏ, ਖਰੜ ਦੀ ਹਿਰਾਸਤ ਵਿਚ ਸੀ ਅਤੇ ਡੀਐਸਪੀ ਗੁਰਸ਼ੇਰ ਸਿੰਘ ਇਸ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਸਨ।
ਸਾਲ 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਲਾਰੈਂਸ ਬਿਸ਼ਨੋਈ ਦੀ ਵੀ ਮਹੱਤਵਪੂਰਨ ਭੂਮਿਕਾ ਸੀ। ਇਸ ਮਾਮਲੇ ਵਿਚ ਪੰਜਾਬ ਪੁਲਿਸ ਜਾਂਚ ਲਈ ਲਾਰੈਂਸ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਸੀ। ਜਦੋਂ ਲਾਰੈਂਸ ਦਾ ਇੰਟਰਵਿਊ ਪ੍ਰਸਾਰਿਤ ਹੋਇਆ, ਤਾਂ ਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਕਰਨ ਲਈ ਹਾਈ ਕੋਰਟ ਨੇ ਇਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ। ਇਸ ਮਾਮਲੇ ਵਿਚ ਪਹਿਲਾਂ ਛੋਟੇ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾ ਰਹੀ मी।
ਪਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਛੋਟੇ ਅਧਿਕਾਰੀ ਬਲੀ ਦਾ ਬਕਰਾ ਕਿਉਂ ਬਣਾਏ ਜਾ ਰਹੇ ਹਨ। ਜਿਸ ਤੋਂ ਬਾਅਦ ਡੀਐਸਪੀ ਗੁਰਸ਼ੇਰ ਸਿੰਘ ਦੀ ਬਰਖਾਸਤੀ ਦੀ ਜਾਣਕਾਰੀ ਸਾਹਮਣੇ ਆਈ।