ਅੰਮ੍ਰਿਤਸਰ, 2 ਸਤੰਬਰ (ਕੰਵਲਜੀਤ ਸਿੰਘ ਲਾਡੀ) :- ਨਸ਼ਿਆਂ ਦੀ ਰੋਕਥਾਮ ਲਈ ਮਾਈ ਭਾਗੋ ਚੈਰਟੀ ਵੱਲੋਂ ਸਮਾਜ ਸੇਵਕਾ ਸੋਨੀਆ ਮਾਨ ਦੇ ਉਦਮ ਸਦਕਾ ਨਸ਼ਿਆਂ ਦਾ ਗੜ ਬਣ ਚੁੱਕੇ ਪਿੰਡ ਭਿੱਟੇਵੱਡ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਸਤਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਨਾਲ ਭਰਵੀਂ ਮੀਟਿੰਗ ਕਰਕੇ ਉਨ੍ਹਾਂ ਪਾਸੋਂ ਨਸ਼ਿਆਂ ਦੀ ਰੋਕਥਾਮ ਲਈ ਸੁਝਾਅ ਮੰਗੇ । ਪਿੰਡ ਵਾਸੀਆਂ ਗੁਰਵਿੰਦਰ ਸਿੰਘ ਫੌਜੀ ਤੇ ਹੋਰਾਂ ਨੇ ਜਿੱਥੇ ਆਪਣੇ ਪਿੰਡ ਵਿੱਚ ਆਉਣ ਤੇ ਉੱਚ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਦੱਸਿਆ ਕਿ ਅੱਜਕੱਲ੍ਹ ਨਸ਼ੇ ਕਰਿਆਨੇ ਦੀਆਂ ਦੁਕਾਨਾਂ ਤੋਂ ਵੀ ਮਿਲ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਨਸ਼ੱਈ ਨੌਜਵਾਨਾਂ ਵੱਲੋਂ ਵੱਡੀ ਪੱਧਰ ‘ਤੇ ਚੋਰੀਆਂ ਅਤੇ ਲੁੱਟਾਂ ਖੋਹਾਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਆਮ ਲੋਕ ਬਹੁਤ ਤੰਗ ਪਰੇਸ਼ਾਨ ਹਨ । ਇਸ ਮੌਕੇ ਤੇ ਸੰਬੋਧਨ ਕਰਦਿਆਂ ਐੱਸ.ਐੱਸ.ਪੀ.ਦਿਹਾਤੀ ਸਤਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਭ ਲੋਕਾਂ ਦੇ ਸਹਿਯੋਗ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜੇਕਰ ਲੋਕ ਜਾਗਰੂਕ ਹੋ ਗਏ ਤਾਂ ਨਸ਼ੇ ਖਤਮ ਕਰਨਾ ਪੁਲਿਸ ਲਈ ਕੁਝ ਦਿਨਾਂ ਦੀ ਖੇਡ ਹੈ । ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀਆਂ ਲਿਸਟਾਂ ਪੁਲਿਸ ਨੂੰ ਦਿੱਤੀਆਂ ਜਾਣ ਅਤੇ ਖੁਦ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ । ਇਸ ਮੌਕੇ ਤੇ ਡੀ.ਐੱਸ.ਪੀ.ਅਜਨਾਲਾ ਰਿਤੂ ਦਮਨ ਸਿੰਘ, ਐੱਸ.ਐੱਚ.ਓ.ਰਾਜਾਸਾਂਸੀ ਹਰਚੰਦ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮਾਈ ਭਾਗੋ ਚੈਰਟੀ ਵੱਲੋਂ ਪਿੰਡ ਵਿੱਚ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸਦੇ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਦੇ ਨਾਲ ਕਮੇਟੀ ਵਿੱਚ ਹਰਜਿੰਦਰ ਸਿੰਘ ਥਾਣੇਦਾਰ, ਕਾਬਲ ਸਿੰਘ ਸੈਕਟਰੀ, ਗੁਰਨਾਮ ਸਿੰਘ ਫੌਜੀ, ਮਨਿੰਦਰ ਸਿੰਘ ਲਾਡੀ ਫੌਜੀ, ਰਵੇਲ ਸਿੰਘ ਸੋਢੀ, ਗੁਰਜੰਟ ਸਿੰਘ, ਲਖਬੀਰ ਸਿੰਘ ਜਥੇਦਾਰ, ਜਥੇ.ਬਚਿੱਤਰ ਸਿੰਘ, ਫੁੰਮਣ ਸਿੰਘ, ਸਲਵਿੰਦਰ ਸਿੰਘ, ਹਰਭਜਨ ਸਿੰਘ ਫੌਜੀ, ਬਚਨ ਨਾਥ, ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ, ਬਾਊ, ਲੱਡੂ, ਫਰੰਗੀ ਨਾਥ ਆਦਿ ਸਮੇਤ 21 ਮੈਂਬਰੀ ਕਮੇਟੀ ਦੇ ਮੈਂਬਰ ਚੁਣੇ ਗਏ। ਮੀਟਿੰਗ ਸਮੇਂ ਸ਼ਾਮਲ ਸਿੰਘ, ਸਰਪੰਚ ਕਰਮਜੀਤ ਸਿੰਘ ਹਰਸ਼ਾ ਛੀਨਾ ਵਿਚਲਾ ਕਿਲਾ, ਅਮਨਦੀਪ ਸਿੰਘ, ਸਤਨਾਮ ਸਿੰਘ ਅਦਲੀਵਾਲ, ਕਾਬਲ ਸਿੰਘ ਛੀਨਾ, ਸੋਨੀਆ ਮਾਨ ਦੇ ਮਾਤਾ ਪਰਮਜੀਤ ਕੌਰ ਮਾਨ ਆਦਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।