ਜਲੰਧਰ/ਪਤਾਰਾ, 21 ਮਈ (ਕਬੀਰ ਸੌਂਧੀ) : ਪਿੰਡ ਪਤਾਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ‘ਤੇ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਟੀਮ ‘ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਮੁਖ਼ਬਰ ਖਾਸ ਤੋਂ ਮਿਲੀ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਪਿੰਡ ਪਤਾਰਾ ਵਿਖੇ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ ਦੇ ਘਰ ਅੰਦਰ ਬੈਠ ਕੇ ਨਸ਼ਾ ਕਰ ਰਹੇ ਹਨ ਅਤੇ ਜੋ ਭੋਲੇ ਭਾਲੇ ਮੁੰਡੇ ਕੁੜੀਆਂ ਨੂੰ ਵੀ ਨਸ਼ੇ ਦੀ ਲੱਤ ਲਗਾ ਰਹੇ ਹਨ, ਜਿਸ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਮੌਕੇ ‘ਤੇ ਜਾ ਕੇ ਜਦ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੁਲਜ਼ਮ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ ਨੇ ਪੁਲਿਸ ਕਰਮਚਾਰੀਆ ਨੂੰ ਜਾਨੋ ਮਾਰ ਦੇਣ ਦੀ ਨੀਅਤ ਨਾਲ ਖੰਡਾ ਨੁਮਾ ਤਲਵਾਰ ਦੇ ਸਿੱਧੇ ਵਾਰ ਕੀਤੇ, ਜਿਸ ਨਾਲ ਸੀਨੀਅਰ ਕਾਂਸਟੇਬਲ ਜਸਵੀਰ ਸਿੰਘ 1760 ਦੇ ਖੱਬੀ ਅੱਖ ਦੇ ਥੱਲੇ, ਸਿਰ ਦੇ ਉੱਪਰ ਖੱਬੇ ਪਾਸੇ ਅਤੇ ਖੱਬੀ ਬਾਹ ਪਰ ਗੰਭੀਰ ਸੱਟਾਂ ਲੱਗੀਆਂ ਜਿਸਦੇ ਕਾਫੀ ਖੂਨ ਵਗਨ ਨਾਲ ਉਸਦੀ ਵਰਦੀ ਖੂਨ ਨਾਲ ਭਿੱਜ ਗਈ ।
ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਥੇ ਹੀ ਬੱਸ ਨਹੀਂ ਕੀਤੀ ਅਤੇ ਮੁਲਜ਼ਮ ਹਰਮਨਜੋਤ ਸਿੰਘ ਨੇ ਇੰਨੇ ਵਿਚ ਹੀ ਕਮਰੇ ਵਿੱਚੋਂ ਸਾਥੀਆਂ ਨਾਲ ਨਿੱਕਲ ਕੇ ਪੌੜੀਆ ਪਰ ਚੜ੍ਹ ਕੇ ਉੱਪਰੋਂ ਦੀ ਸਾਡੇ ਵੱਲ ਸਿੱਧੀਆ ਇੱਟਾਂ-ਰੋੜੇ ਵਰਾਉਣੇ ਸ਼ੁਰੂ ਕਰ ਦਿੱਤੇ ਜੋ ਇਕ ਇੱਟ ਹੈੱਡ ਕਾਂਸਟੇਬਲ ਬਰਜਿੰਦਰਪਾਲ ਦੇ ਮੁੰਹ ‘ਤੇ ਲੱਗੀ ਜਿਸ ਨਾਲ ਉਸਦੇ ਕਾਫੀ ਸੱਟ ਲੱਗੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਨੂੰ ਗਾਲਾ ਕੱਢਦੇ ਹੋਏ ਮੌਕੇ ‘ਤੋਂ ਆਪਣੇ ਹਥਿਆਰਾਂ ਸਮੇਤ ਨੇੜੇ ਲੱਗਦੇ ਘਰਾਂ ਦੀਆਂ ਛੱਤਾਂ ਨੂੰ ਟੱਪ ਕੇ ਫ਼ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਜ਼ਖਮੀਂ ਪੁਲਿਸ ਮੁਲਾਜ਼ਮਾਂ ਦਾ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ ।
ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਸ਼ਿਨਾਖਤ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ, ਹਰਮਨਜੋਤ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ ਉਰਫ਼ ਜੀਤਾ, ਸੰਦੀਪ ਕੁਮਾਰ ਉਰਫ਼ ਸ਼ੀਪਾ, ਪਰਗਟ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ ਅਤੇ ਮੁਲਜ਼ਮਾਂ ਰਾਊਂਡ-ਅੱਪ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਐਸ.ਆਈ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਮੁਲਜ਼ਮਾਂ ਖਿਲਾਫ਼ ਪੁਲਿਸ ਪਾਰਟੀ ਦੇ ਕੰਮ ‘ਚ ਵਿਘਨ ਪਾਉਣ ਅਤੇ ਮੁਲਾਜ਼ਮਾਂ ਨੂੰ ਸ਼ਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦੇ ਤਹਿਤ ਥਾਣਾ ਪਤਾਰਾ ਵਿਖੇ ਧਾਰਾ 307,353, 186,332,148,149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ । ਜ਼ਿਕਰਯੋਗ ਹੈ ਕਿ ਇਸ ਹਮਲੇ ਦੌਰਾਨ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਪੁਲਿਸ ਟੀਮ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ ।