ਚੋਹਲਾ ਸਾਹਿਬ/ਤਰਨ ਤਾਰਨ, 08 ਅਗਸਤ (ਰਾਕੇਸ਼ ਨਈਅਰ) : ਕਹਿੰਦੇ ਹਨ ਕਿ ਮੌਤ ਨਾ ਹੀ ਉਮਰ ਦੇਖਦੀ ਹੈ ਤੇ ਨਾ ਹੀ ਹਾਲਾਤ। ਬਲਾਕ ਚੋਹਲਾ ਸਾਹਿਬ ਦੇ ਐਲੀਮੈਂਟਰੀ ਸਕੂਲ ਦਦੇਹਰ ਸਾਹਿਬ ਵਿੱਚ ਬਤੌਰ ਈ.ਟੀ.ਟੀ ਅਧਿਆਪਕਾ ਸੇਵਾ ਨਿਭਾਅ ਰਹੇ ਮੈਡਮ ਵਰਿੰਦਰ ਕੌਰ ਸੰਧੂ ‘ਤੇ ਉਸ ਵੇਲੇ ਦੁੱਖ਼ਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਨੂੰ ਦੁਬਈ ਰੋਜ਼ੀ ਰੋਟੀ ਲਈ ਕਮਾਈ ਕਰਨ ਗਏ ਆਪਣੇ ਇਕਲੌਤੇ ਪੁੱਤਰ ਚਾਹਤਬੀਰ ਸਿੰਘ ਦੀ ਮੌਤ ਹੋ ਜਾਣ ਦਾ ਪਤਾ ਚੱਲਿਆ।ਦੁੱਖ ਵਾਲੀ ਹੋਰ ਵੱਡੀ ਗੱਲ ਹੈ ਕਿ ਚਾਹਤਬੀਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਦੁਬਈ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਚਾਹਤਬੀਰ ਸਿੰਘ (24 ਸਾਲ) ਦੀ 21 ਜੁਲਾਈ ਨੂੰ ਅਚਾਨਕ ਮੌਤ ਹੋ ਗਈ ਸੀ। ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ.ਐਸ ਬੀ ਸਿੰਘ ਉਬਰਾਏ ਦਾ ਵਿਸ਼ੇਸ਼ ਯੋਗਦਾਨ ਰਿਹਾ।
ਮ੍ਰਿਤਕ ਦੀ ਫਾਇਲ ਫੋਟੋ
ਦੁਬਈ ਤੋਂ ਵਾਪਿਸ ਆਈ ਮ੍ਰਿਤਕ ਦੇਹ ਨੂੰ ਲੈਣ ਉਹਨਾਂ ਦੇ ਮਾਸੜ ਸੁਖਸਿੰਮ੍ਰਤਪਾਲ ਸਿੰਘ,ਚਾਚਾ ਪ੍ਰਦੀਪ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਦਦੇਹਰ ਸਾਹਿਬ ਦੇ ਸਕੂਲ ਮੁਖੀ ਸ.ਗੁਰਵਿੰਦਰ ਸਿੰਘ ਬੱਬੂ ਦਾ ਵਿਸ਼ੇਸ਼ ਯੋਗਦਾਨ ਰਿਹਾ।ਚਾਹਤਬੀਰ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਸਰਹਾਲੀ ਵਿਖੇ ਕਰ ਦਿੱਤਾ ਗਿਆ।ਜਿਥੇ ਸੈਂਕੜੇ ਲੋਕਾਂ ਵਲੋਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।ਅੰਤਿਮ ਸੰਸਕਾਰ ਮੌਕੇ ਬਲਾਕ ਚੋਹਲਾ ਸਾਹਿਬ ਦੇ ਅਧਿਆਪਕ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ.ਜਸਵਿੰਦਰ ਸਿੰਘ ਸੰਧੂ ਅਤੇ ਸਮੂਹ ਸੈਂਟਰ ਹੈਡ ਟੀਚਰ ਸਹਿਬਾਨ ਅਤੇ ਹੈੱਡ ਟੀਚਰ ਸਹਿਬਾਨ ਨੇ ਮੈਡਮ ਵਰਿੰਦਰ ਕੌਰ ਸੰਧੂ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲਾ ਬਣਾਈ ਰੱਖਣ ਅਤੇ ਵਾਹਿਗੁਰੂ ਦੇ ਭਾਣੇ ਨੂੰ ਮੰਨਣ ਲਈ ਹੌਂਸਲਾ ਦਿੱਤਾ।