ਦਿੱਲੀ ਤੇ ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਵੀ ਖਿੜੇਗਾ ਕਮਲ : ਹਰਦੀਪ ਗਿੱਲ
ਪਿੰਡ ਮੇਹਰਬਾਨਪੁਰਾ ਦੇ 100 ਦੇ ਕਰੀਬ ਪਰਿਵਾਰ ਭਾਜਪਾ ਵਿੱਚ ਸ਼ਾਮਿਲ

ਜੰਡਿਆਲਾ ਗੁਰੂ , 31 ਮਾਰਚ (ਕੰਵਲਜੀਤ ਸਿੰਘ ਲਾਡੀ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੇਹਰਬਾਨਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਲਦੇਵ ਸਿੰਘ ਸ਼ੇਰ ਗਿੱਲ, ਇੰਦਰ ਸਿੰਘ ਫੌਜੀ, ਜਸਬੀਰ ਸਿੰਘ ਬਾਊ, ਸੁਰਜੀਤ ਸਿੰਘ, ਬਿੱਟੂ ਸਿੰਘ, ਸੁਖਦੇਵ ਸਿੰਘ,ਸਤਪਾਲ ਸਿੰਘ, ਪਰਮਜੀਤ ਸਿੰਘ,ਫੱਤਾ ਸਿੰਘ,ਸੁਲੱਖਣ ਸਿੰਘ ਹਰਜੀਤ ਸਿੰਘ ਦੀ ਅਗਵਾਈ ਹੇਠ 100 ਦੇ ਕਰੀਬ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਭਾਜਪਾ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਅਤੇ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ ਨੇ ਸ਼ਾਮਿਲ ਹੋਣ ਵਾਲੇ ਮੋਹਤਬਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਿਆ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ । ਇਸ ਮੌਕੇ ‘ਤੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਦਿੱਲੀ ਤੇ ਹਰਿਆਣੇ ਤੋਂ ਬਾਅਦ ਪੰਜਾਬ ਵਿੱਚ ਵੀ ਭਾਜਪਾ ਲੋਕਾਂ ਦੀ ਉਮੀਦ ਬਣ ਕੇ ਉਭਰ ਰਹੀ ਹੈ ਤੇ ਪੰਜਾਬ ਵਿੱਚ ਇਸ ਵਾਰ ਕਮਲ ਦਾ ਫੁੱਲ ਖਿੜੇਗਾ। ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਦੇ ਵਾਅਦਿਆਂ ਤੋਂ ਤੰਗ ਆ ਕੇ ਭਾਜਪਾ ਤੇ ਮੋਦੀ ਸਰਕਾਰ ਦੀ ਗਾਰੰਟੀ ‘ਤੇ ਵਿਸ਼ਵਾਸ ਕਰ ਰਹੇ ਹਨ । ਉਨ੍ਹਾਂ ਆਖਿਆ ਕਿ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਕਾਸ ਤੇ ਗਰੀਬ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਨ ‘ਤੇ ਲਾਗੂ ਕੀਤੀਆਂ ਜਾਣਗੀਆਂ ।
ਉਹਨਾਂ ਆਖਿਆ ਕਿ ਦਿੱਲੀ ਤੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਨੇ ਮਹਿਲਾਵਾਂ ਨੂੰ ਦਿੱਤੀ ਗਾਰੰਟੀ ਦੇ ਤਹਿਤ 25-25 ਸੌ ਰੁਪਏ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ । ਇਸੇ ਪ੍ਰਕਾਰ ਹਰਿਆਣਾ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ 3500 ਰੁਪਏ ਬੇਰੁਜ਼ਗਾਰੀ ਭੱਤਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਦੀ ਲਾਰਿਆਂ ਦੀ ਰਾਜਨੀਤੀ ਤੋਂ ਲੋਕ ਅੱਕ ਚੁੱਕੇ ਹਨ । ਇਸ ਵਾਰ ਸੂਬੇ ਦੇ ਲੋਕ ਅਸਲੀ ਬਦਲਾਅ ਲਿਆਉਣ ਦਾ ਮਨ ਬਣਾ ਚੁੱਕੇ ਹਨ । ਹਰਦੀਪ ਗਿੱਲ ਨੇ ਕਿਹਾ ਕਿ ਡਬਲ ਇੰਜਨ ਸਰਕਾਰ ਵਿੱਚ ਹੀ ਸੂਬੇ ਤਰੱਕੀ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੂੰ ਕੱਚੇ ਮਕਾਨ ਪੱਕੇ ਕਰਕੇ ਦੇਣਾ , ਪੰਜ ਲੱਖ ਦਾ ਬੀਮਾ ਯੋਜਨਾ ਕਾਰਡ , ਮੁਫਤ ਅਨਾਜ , ਮੁਫਤ ਸਿਲੰਡਰ ਵਰਗੀਆਂ ਯੋਜਨਾਵਾਂ ਮੋਦੀ ਸਰਕਾਰ ਨੇ ਦਿੱਤੀਆਂ । ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਕਰਮਚਾਰੀ ਲਾਗੂ ਨਹੀਂ ਕਰ ਰਹੇ । ਇਸ ਮੌਕੇ ‘ਤੇ ਬੋਲਦੇ ਹੋਏ ਕੰਵਰਵੀਰ ਸਿੰਘ ਮੰਜ਼ਿਲ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਭਾਜਪਾ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖ ਸਕਦੀ ਹੈ। ਯੂ.ਪੀ. ਵਾਂਗ ਪੰਜਾਬ ਵਿੱਚ ਨਸ਼ਾਖੋਰੀ , ਗੁੰਡਾਗਰਦੀ ਨੂੰ ਠੱਲ ਪਾਉਣ ਦੀ ਸਮਰੱਥਾ ਵੀ ਭਾਜਪਾ ਹੀ ਰੱਖਦੀ ਹੈ । ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਸਿਵਾਏ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਕੁਝ ਨਹੀਂ ਦਿੱਤਾ । ਇਸ ਮੌਕੇ ‘ਤੇ ਸਾ.ਸਰਪੰਚ ਨਿਰਵੈਲ ਸਿੰਘ ਵਡਾਲੀ , ਬਲਵੰਤ ਸਿੰਘ, ਸਰਬਜੀਤ ਸਿੰਘ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ। .. ਫੋਟੋ ਕੈਪਸ਼ਨ : ਪਿੰਡ ਮੇਹਰਬਾਨਪੁਰਾ ਵਿਖੇ ਭਾਜਪਾ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ, ਚੇਅਰਮੈਨ ਕੰਵਰਵੀਰ ਸਿੰਘ ਮੰਜ਼ਿਲ, ਨਿਰਵੈਲ ਸਿੰਘ ਵਡਾਲੀ , ਬਲਦੇਵ ਸਿੰਘ , ਇੰਦਰ ਸਿੰਘ ਫੌਜੀ , ਪਰਮਜੀਤ ਸਿੰਘ ਤੇ ਹੋਰ।