ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਧਰਮ ਜਾਗਰੂਕਤਾ ਲਹਿਰ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 12 ਸਿੱਖ ਪਰਿਵਾਰਾਂ ਨੇ ਇਸਾਈ ਧਰਮ ਨੂੰ ਛੱਡ ਕੇ ਮੁੜ ਸਿੱਖ ਧਰਮ ’ਚ ਵਾਪਸੀ ਕੀਤੀ। ਇਨ੍ਹਾਂ ਪਰਿਵਾਰਾਂ ਨੂੰ ਅੰਮ੍ਰਿਤ ਛਕਾ ਕੇ ਧਾਰਮਕ ਮਰਿਆਦਾਨੁਸਾਰ ਸਿੱਖ ਕੌਮ ’ਚ ਵਾਪਸੀ ਕਰਵਾਈ ਜਾਵੇਗੀ।
ਦਿੱਲੀ ਗੁਰਦੁਆਰਾ ਕਮੇਟੀ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ’ਚ ਵੱਧਦੇ ਧਰਮ ਪਰਿਵਰਤਨ ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਚੁਕੇ ਸਨ ਵੱਡੀ ਗਿਣਤੀ ਵਿਚ ਲੋਕ ਸਿੱਖ ਧਰਮ ਛੱਡ ਕੇ ਇਸਾਈ ਧਰਮ ਵੱਲ ਰੁੱਖ ਕਰ ਰਹੇ ਸਨ ਇੱਥੋਂ ਤਕ ਕਿ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਭੂਮਿਕਾ ਨਿਭਾਉਣ ਵਿਚ ਅਸਫ਼ਲ ਸਾਬਤ ਹੋਈ। ਅਜਿਹੀ ਸਥਿਤੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਫ਼ੈਸਲਾ ਲਿਆ ਕਿ ਪੰਜਾਬ ਵਿਚ ਧਰਮ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਜਾਵੇਗੀ ਅਤੇ ਅੰਮ੍ਰਿਤਸਰ ਵਿਖੇ ਦਫ਼ਤਰ ਖੋਲ੍ਹ ਕੇ ਸ. ਮਨਜੀਤ ਸਿੰਘ ਭੋਮਾ ਨੂੰ ਪੰਜਾਬ ਵਿਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਜਿੰਮੇਵਾਰੀ ਸੌਂਪੀ। ਸ. ਕਾਲਕਾ ਅਤੇ ਸ. ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਧਰਮ ਜਾਗਰੂਕਤਾ ਲਹਿਰ ਨੂੰ ਵੱਡੀ ਸਫ਼ਲਤਾ ਮਿਲੀ ਹੈ ਕਿਉਂਕਿ 12 ਅਜਿਹੇ ਸਿੱਖ ਪਰਿਵਾਰ ਜਿਨ੍ਹਾਂ ਨੇ ਇਸਾਈ ਧਰਮ ਅਪਣਾ ਲਿਆ ਸੀ ਮੁੜ ਸਿੱਖ ਧਰਮ ’ਚ ਵਾਪਸ ਆਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚਲ ਰਹੀ ਮਿਸ਼ਨਰੀਆਂ ਗਰੀਬ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਚੁਕਦੀਆਂ ਹਨ ਅਤੇ ਗੁਮਰਾਹ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਦੀਆਂ ਹਨ ਬੱਚਿਆਂ ਦੀ ਪੜ੍ਹਾਈ, ਆਰਥਕ ਮਦਦ, ਵਿਦੇਸ਼ ਭੇਜਣ ਵਰਗੇ ਲਾਲਚ ਦੇ ਕੇ ਇਸਾਈ ਧਰਮ ਨਾਲ ਜੋੜਦੀਆਂ ਹਨ।
ਇਹ 12 ਸਿੱਖ ਪਰਿਵਾਰਾਂ ਨੂੰ ਜੋ ਪਿੰਡ ਕਾਲੇਵਾਲ(ਲੋਪੋਕੇ) ਅੰਮ੍ਰਿਤਸਰ ਤੋਂ ਸਬੰਧ ਰੱਖਦੇ ਹਨ ਲਾਲਚ ਦਿੱਤਾ ਗਿਆ ਕਿ ਜੇਕਰ ਇਹ ਇਸਾਈ ਧਰਮ ਕਬੂਲ ਕਰਦੇ ਹਨ ਤਾਂ ਇਨ੍ਹਾਂ ਨੂੰ ਸਿਹਤਯਾਬੀ ਲਾਭ ਸਮੇਤ ਹੋਰ ਆਰਥਕ ਲਾਭ ਦਿੱਤੇ ਜਾਣਗੇ ਜਿਸਦੇ ਚਲਦੇ ਇਨ੍ਹਾਂ ਪਰਿਵਾਰਾਂ ਨੇ ਆਪਣਾ ਧਰਮ ਛੱਡ ਕੇ ਇਸਾਈ ਧਰਮ ਅਪਣਾਇਆ ਲੇਕਿਨ ਜਦੋਂ ਇਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਸਲੀ ਤਾਕਤ ਤਾਂ ਉਸ ਅਕਾਲ ਪੁਰਖ ਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਿਸ ਦੀ ਗੁਰਬਾਣੀ ਨਾਲ ਜੁੜ ਕੇ ਵੱਡੇ ਤੋਂ ਵੱਡਾ ਰੋਗ ਵੀ ਦੂਰ ਹੋ ਜਾਂਦਾ ਹੈ ਤਾਂ ਇਨ੍ਹਾਂ ਨੇ ਭੁੱਲ ਸੁਧਾਰ ਕਰਦੇ ਹੋਏ ਸਿੱਖ ਧਰਮ ਵਿਚ ਆਉਣ ਦਾ ਫ਼ੈਸਲਾ ਕੀਤਾ। ਇਨ੍ਹਾਂ ਪਰਿਵਾਰਾਂ ਨੂੰ ਦਿੱਲੀ ਕਮੇਟੀ ਦੇ ਅੰਮ੍ਰਿਤਸਰ ਦਫ਼ਤਰ ਵਿਖੇ ਸਿੱਖ ਧਰਮ ਵਿਚ ਮੁੜ ਵਾਪਸੀ ਕਰਾਉਂਦੇ ਹੋਏ ਸਨਮਾਨਤ ਕੀਤਾ ਗਿਆ। ਉਪਰੋਕਤ ਆਗੂਆਂ ਨੇ ਕਿਹਾ ਕਿ ਧਰਮ ਜਾਗਰੂਕਤਾ ਲਹਿਰ ਦੇ ਬੈਨਰ ਹੇਠ ਪੰਜਾਬ ਦੇ ਪਿੰਡਾਂ ਵਿਚ ਘਰ-ਘਰ ਜਾ ਕੇ ਸਾਡੀ ਟੀਮ ਕੜੀ ਮਿਹਨਤ ਕਰ ਰਹੀ ਹੈ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਪੂਰੀ ਤਰ੍ਹਾਂ ਜੁਟੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਪਰਿਵਾਰਾਂ ਨੂੰ ਸਿੱਖ ਧਰਮ ਨਾਲ ਮੁੜ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਿੱਖ ਧਰਮ ਨਾਲ ਜੁੜਨ ਵਾਲੇ ਇਨ੍ਹਾਂ ਪਰਿਵਾਰਾਂ ਦਾ ਤਹਿ ਦਿਲ ਤੋਂ ਸੁਆਗਤ ਕਰਦੇ ਹਨ। ਇਸ ਮੌਕੇ ਸ. ਕਾਲਕਾ ਤੇ ਸ. ਕਾਹਲੋਂ ਤੋਂ ਇਲਾਵਾ ਕਮੇਟੀ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਵਿਕਰਮ ਸਿੰਘ ਰੋਹਿਣੀ, ਸੁਖਬੀਰ ਸਿੰਘ ਕਾਲਰਾ ਆਦਿ ਮੌਜੁਦ ਰਹੇ।