ਚੋਹਲਾ ਸਾਹਿਬ/ਸਰਹਾਲੀ ਕਲਾਂ,19 ਜੁਲਾਈ (ਰਕੇਸ਼ ਨਈਅਰ) : ਇਲਾਕੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਂਆਂ।ਆਏ ਦਿਨ,ਦਿਨ-ਦਿਹਾੜੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਏ ਜਾਣ ਦੀਆਂ ਖ਼ਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਹੁਣ ਦਿਨ ਵੇਲੇ ਵੀ ਘਰਾਂ ਤੋਂ ਬਾਹਰ ਨਿਕਲਣ ਵੇਲੇ ਸੌ ਵਾਰ ਸੋਚਦੇ ਹਨ ਕਿ ਪਤਾ ਨਹੀਂ ਕਦੋਂ ‘ਤੇ ਕਿੱਥੇ ਲੁੱਟ ਦਾ ਸ਼ਿਕਾਰ ਹੋ ਜਾਣਾ ਹੈ।
ਤਾਜ਼ਾ ਵਾਪਰੀ ਘਟਨਾ ਵਿੱਚ ਦਿਨ ਦਿਹਾੜੇ ਨੈਸ਼ਨਲ ਹਾਈਵੇ ‘ਤੇ ਪਿੰਡ ਖਾਰੇ ਵਾਲਾ ਪੁਲ ਦੇ ਨਜ਼ਦੀਕ ਦੋ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਹੇਠਾਂ ਸੁੱਟ ਕੇ ਉਸਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਪਿੰਡ ਕੋਟ ਦਾਤਾ ਦੇ ਮੋਹਤਬਰ ਵਿਅਕਤੀ ਕੁਲਦੀਪ ਸਿੰਘ ਅਲੀਪੁਰ ਵਾਲਿਆਂ ਨੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਤੋਂ ਵਾਪਿਸ ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ 46 ਵੀ 7967 ‘ਤੇ ਪਿੰਡ ਜਾ ਰਹੇ ਸਨ ਕਿ ਨੈਸ਼ਨਲ ਹਾਈਵੇ ਖਾਰੇ ਵਾਲੇ ਪੁਲ ਤੋਂ ਥੋੜੀ ਦੂਰ ਹੀ ਪਿਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਨਜ਼ਦੀਕ ਆ ਕੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਉਨ੍ਹਾ ਦੱਸਿਆ ਕਿ ਜੇਕਰ ਉਹ ਆਪਣੇ ਆਪ ਨੂੰ ਨਾ ਸੰਭਾਲਦੇ ਤੋਂ ਹੇਠਾਂ ਡਿੱਗ ਕੇ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਪੁਲਸ ਥਾਣਾ ਸਰਹਾਲੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ।