ਜੰਡਿਆਲਾ ਗੁਰੂ, 04 ਸਤੰਬਰ (ਕਰਮਜੀਤ ਸਿੰਘ, ਸੁਖਵਿੰਦਰ ਬਾਵਾ) : ਅੱਜ ਐਸ.ਐਸ.ਪੀ ਅੰਮ੍ਰਿਤਸਰ (ਦਿਹਾਤੀ) ਸ੍ਰ ਚਰਨਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਨੰਗਲ ਗੁਰੂ ਵਿੱਚ ਆਰ.ਐਮ.ਪੀ. ਡਾਕਟਰ ਵਜੋਂ ਕਲੀਨਿਕ ਚਲਾ ਰਹੇ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾਗੜ੍ਹ ਤਲਾਵਾਂ ਨੇ ਬੀਤੇ ਦਿਨ 03-09-2024 ਨੂੰ ਜੰਡਿਆਲਾ ਗੁਰੂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਵਿੱਚ ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਅਣਪਛਾਤੇ ਵਿਦੇਸ਼ੀ ਫ਼ੋਨ ਨੰਬਰਾਂ ਰਾਹੀਂ ਬਾਰ ਬਾਰ ਕਾਲਾਂ ਆਉਂਦੀਆਂ ਰਹੀਆਂ ਸਨ, ਪਰ ਉਸ ਨੇ ਉਹ ਕਾਲਾਂ ਰਿਸੀਵ ਨਹੀਂ ਕੀਤੀਆਂ।
22 ਅਗਸਤ 2024 ਨੂੰ ਜਦ ਰਾਤ ਵੇਲ਼ੇ ਉਹ ਆਪਣਾ ਕਲੀਨਿਕ ਬੰਦ ਕਰਨ ਉਪਰੰਤ ਆਪਣੇ ਪੁੱਤਰ ਨਾਲ਼ ਘਰ ਵਾਪਸ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਉਹਨਾਂ ਦਾ ਫ਼ੋਨ ਚੁੱਕਣ ਅਤੇ 5 ਲੱਖ ਰੁਪਏ ਦੀ ਫਿਰੌਤੀ ਦੇਣ ਲਈ ਧਮਕਾਇਆ ਗਿਆ। ਇਸ ਮਾਮਲੇ ਦੀ ਸਖ਼ਤੀ ਨਾਲ਼ ਜਾਂਚ ਕਰਦਿਆਂ ਡੀਐਸਪੀ ਜੰਡਿਆਲਾ ਗੁਰੂ ਸ੍ਰ. ਰਵਿੰਦਰ ਸਿੰਘ ਅਤੇ ਇੰਸਪੈਕਟਰ ਮੁਖ਼ਤਿਆਰ ਸਿੰਘ ਵੱਲੋਂ ਆਪਣੀ ਪੁਲਿਸ ਟੀਮ ਸਮੇਤ ਆਧੁਨਿਕ ਤਕਨੀਕ ਦੀ ਮਦਦ ਨਾਲ 24 ਘੰਟੇ ਵਿੱਚ 7 ਮੈਂਬਰੀ ਫ਼ਿਰੌਤੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਵੱਲੋਂ ਫੜ੍ਹੇ ਇਹਨਾਂ ਦੋਸ਼ੀਆਂ ਕੋਲ਼ੋਂ ਦੇਸੀ ਪਿਸਤੌਲ 312 ਬੋਰ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਪਲਸਰ, ਮਹਿੰਦਰਾ XUV ਕਾਰ ਅਤੇ ਡੇਢ ਲੱਖ ਰੁਪਏ ਦੀ ਨਕਦੀ ਰਕਮ ਬਰਾਮਦ ਕੀਤੀ। ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ੍ਰ ਚਰਨਜੀਤ ਸਿੰਘ ਨੇ ਦੱਸਿਆ ਕਿ 2 ਭਗੌੜੇ ਦੋਸ਼ੀ ਵੀ ਜਲਦ ਹੀ ਪੁਲਿਸ ਦੀ ਗਿਰਫ਼ਤ ਵਿੱਚ ਹੋਣਗੇ, ਕਿਸੇ ਦੋਸ਼ੀ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।