ਚੋਹਲਾ ਸਾਹਿਬ/ਤਰਨਤਾਰਨ, 04 ਮਈ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ 305 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਨਾਮਜ਼ਦ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਸਬ-ਇੰਸਪੈਕਟਰ ਵਿਨੋਦ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਪੀ (ਡੀ) ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ ਅਰੁਣ ਸ਼ਰਮਾ ਦੀ ਹਾਜ਼ਰੀ ਵਿੱਚ ਏਐਸਆਈ ਬਿੱਕਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਰੂੜੀਵਾਲਾ ਨੂੰ ਜਾ ਰਹੇ ਸਨ ਕਿ ਮੁਖਬਰ ਖਾਸ ਵਲੋਂ ਇਤਲਾਹ ਦਿੱਤੀ ਗਈ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਕਰਨਬੀਰ ਸਿੰਘ ਉਰਫ ਪ੍ਰੀਤ ਪੁੱਤਰਾਨ ਗੁਰਜੰਟ ਸਿੰਘ ਵਾਸੀ ਰੂੜੀਵਾਲਾ ਜੋ ਵੱਡੇ ਪੱਧਰ ‘ਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਅਤੇ ਕਸਬਾ ਚੋਹਲਾ ਸਾਹਿਬ ਵਿੱਚ ਆਪਣੇ ਮੋਟਰਸਾਈਕਲ ‘ਤੇ ਹੈਰੋਇਨ ਸਪਲਾਈ ਕਰਦੇ ਹਨ।
ਇਸ ‘ਤੇ ਕਰਵਾਈ ਕਰਦੇ ਹੋਏ ਪੁਲਿਸ ਪਾਰਟੀ ਵਲੋਂ ਮੋਟਰਸਾਈਕਲ ਨੰਬਰ ਪੀਬੀ-46-ਏਜੀ-0739 ‘ਤੇ ਸਵਾਰ ਉਕਤ ਦੋਵਾਂ ਸਕੇ ਭਰਾਵਾਂ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 305 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਐਸ.ਐਚ.ਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਦਿਨੀਂ ਪਿੰਡ ਮੋਹਨਪੁਰ ਦੇ ਪੈਟਰੋਲ ਪੰਪ ਕੋਲੋਂ ਜੋ ਗੱਡੀ ਖੋਹੀ ਗਈ ਸੀ ਉਸ ਕੇਸ ਵਿੱਚ ਨਾਮਜ਼ਦ ਵਿਸ਼ਵਜੀਤ ਸਿੰਘ ਪੁੱਤਰ ਅਮ੍ਰਿਤ ਸਿੰਘ ਵਾਸੀ ਠੱਠੀਆਂ ਮਹੰਤਾਂ ਨੂੰ ਵੀ ਗਸ਼ਤ ਦੌਰਾਨ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।