ਜੰਡਿਆਲਾ ਗੁਰੂ, 26 ਸਤੰਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਅੱਜ ਦੁਪਹਿਰ 1.30 ਵਜੇ ਦੇ ਕਰੀਬ ਅੱਡਾ ਧਾਰੜ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਲੇ ਰੰਗ ਦੇ ਪਲਸਰ ਮੋਟਰਸਾਇਕਲ ਤੇ ਸਵਾਰ ਇੱਕ ਨੌਜਵਾਨ ਜੰਡਿਆਲਾ ਗੁਰੂ ਵਾਲੀ ਸਾਈਡ ਤੋਂ ਆ ਰਿਹਾ ਸੀ। ਦੂਜੇ ਪਾਸੇ ਤੋਂ ਝੋਨੇ ਨਾਲ ਭਰੀ ਇੱਕ ਟਰੈਕਟਰ ਟਰਾਲੀ ਆ ਰਹੀ ਸੀ, ਜਦੋਂ ਮੋਟਰਸਾਈਕਲ ਲੱਕੜ ਦੇ ਟਾਲ ਕੋਲ ਪਹੁੰਚਿਆ ਤਾਂ ਮੋਟਰਸਾਈਕਲ ਕੰਟਰੋਲ ਨਹੀਂ ਹੋਇਆ ਅਤੇ ਲੱਕੜ ਨਾਲ ਟਕਰਾ ਕੇ ਸੜਕ ‘ਤੇ ਜਾ ਡਿੱਗਾ, ਜਿਸ ‘ਤੇ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਓਪਰੋ ਦੀ ਲੰਘ ਗਈ ਅਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਸਲਵਾਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਸੰਘਰ ਕਲਾਂ,ਥਾਣਾ ਵੈਰੋਵਾਲ਼ ਜਿਲਾ ਤਰਨਤਾਰਨ ਵਜੋਂ ਹੋਈ ਹੈ, ਮ੍ਰਿਤਕ ਦੇ ਪਰਿਵਾਰ ਵਿੱਚ 4 ਭਰਾ ਤੇ ਮਾਤਾ ਹੈ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਥੋੜਾ ਸਮੇਂ ਪਹਿਲਾ ਹੀ ਮ੍ਰਿਤਕ ਨੇ ਗ੍ਰੈਜੂਏਸ਼ਨ ਪਾਸ ਕੀਤੀ ਸੀ, ਤੇ ਕੰਮ ਦੀ ਤਲਾਸ਼ ਕਰ ਰਿਹਾ ਸੀ,ਇਹ ਲੜਕਾ ਪਰਿਵਾਰ ਵਿਚ ਤੀਜੇ ਨੰਬਰ ਤੇ ਸੀ ,ਇਸਦੀ ਮੌਤ ਦੀ ਖ਼ਬਰ ਸੁਣਕੇ ਸਾਰਾ ਪਰਿਵਾਰ ਸਦਮੇ ਵਿਚ ਹੈ। ਮੌਕੇ ‘ਤੇ ਪਹੁੰਚੇ ਐੱਸਐੱਚਓ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਟਰੈਕਟਰ ਟਰਾਲੀ ਚਾਲਕ ਮੌਕੇ ਤੋ ਫ਼ਰਾਰ ਹੋ ਗਿਆ। ਪੁਲਿਸ ਨੇ ਟਰੈਕਟਰ ਟਰਾਲੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।