ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅਮ੍ਰਿਤਸਰ ਦੇ ਜੋਨ ਜੰਡਿਆਲਾ ਗੁਰੂ ਦੇ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ, ਪ੍ਰਗਟ ਸਿੰਘ ਗੁਨੋਵਾਲ ਦੀ ਅਗਵਾਹੀ ਵਿਚ ਜੰਡਿਆਲਾ ਗੁਰੂ ਤਰਨ ਤਾਰਨ ਜੀ.ਟੀ ਰੋਡ ਜਾਮ ਕਰਕੇ ਨਜਦੀਕ ਬੰਡਾਲਾ ਵਿਖੇ ਪੰਜਾਬ ਮਾਨ ਸਰਕਾਰ ਦੇ ਖਿਲਾਫ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ | ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ,ਮੁਖਬੈਨ ਸਿੰਘ ਅਤੇ ਕੰਵਲਜੀਤ ਸਿੰਘ ਜੋਧਾਨਗਰੀ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਅਧੀਨ ਪੈਂਦੇ ਪਿੰਡ ਬੁੱਧੋ ਬਰਕਤ ਦੇ ਇੱਕ ਪਰਿਵਾਰ 80 ਸਾਲਾ ਬਜੁਰਗ ਮਾਤਾ ਰਾਜਿੰਦਰ ਕੌਰ ਅਤੇ ਉਸਦੇ 2 ਪੁੱਤਰ ਹਨ, ਜਿਨ੍ਹਾਂ ਦੀ ਉਮਰ 45 ਸਾਲ ਅਤੇ 47 ਸਾਲ ਹੈ,ਜੋ ਨਧਾਨ ਅੰਨ੍ਹੇ ਅਤੇ ਅਪਾਹਜ ਹਨ, ਦੀ ਇਕ ਏਕੜ ਜਮੀਨ ਉਪਰ ਆਮ ਆਦਮੀ ਪਾਰਟੀ ਦੇ ਦਸੂਹਾ ਤੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਆਪਣੇ ਬੰਦਿਆ ਨਾਲ ਮਿਲਕੇ ਕਬਜਾ ਕਰਵਾਇਆ ਹੈ।
ਜਿਕਰਯੋਗ ਹੈ ਕਿ ਪਹਿਲਾ ਵੀ ਪੁਲਿਸ ਪ੍ਰਸ਼ਾਸ਼ਨ ਨੇ ਕਈ ਵਾਰ ਭਰੋਸਾ ਦਿਵਾਇਆ ਸੀ ਕਿ ਬਜ਼ੁਰਗ ਔਰਤ ਦਾ ਪੱਖ ਬਿਲਕੁਲ ਸੱਚਾ ਹੈ ਅਤੇ ਪ੍ਰਸ਼ਾਸਨ ਪਰਿਵਾਰ ਨੂੰ ਕਬਜ਼ਾ ਵਾਪਿਸ ਦਿਵਾਏਗਾ, ਪਰ ਕੋਈ ਹੱਲ਼ ਨਹੀਂ ਹੋਇਆ। ਉਹਨਾਂ ਕਿਹਾ ਕਿ ਭਗਵੰਤ ਮਾਨ ਗੁਜਰਾਤ ਚੋਣਾਂ ‘ਚ ਪੰਜਾਬ ਵਿਚ”ਸਭ ਕੁਝ ਠੀਕ ਹੋਣ” ਦਾ ਸ਼ਰੇਆਮ ਝੂਠਾ ਪ੍ਰਚਾਰ ਕਰ ਰਹੇ ਹਨ ਤੇ ਇਧਰ ਓਹਨਾ ਦੇ ਹੀ ਐਮ ਐਲ ਏ ਨਿਆਸਰੇ ਤੇ ਗਰੀਬਾਂ ਦੀਆਂ ਜਮੀਨਾਂ ਹਥਿਆ ਰਹੇ ਹਨ । ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਦਸੂਹੇ ਥਾਣੇ ਅੱਗੇ 17 ਅਕਤੂਬਰ ਤੋਂ ਧਰਨਾ ਚੱਲ ਰਿਹਾ ਹੈ।ਉਹਨਾਂ ਕਿਹਾ ਕਿ ਜਥੇਬੰਦੀ ਪੀੜਿਤ ਪਰਿਵਾਰ ਨਾਲ ਖੜੀ ਹੈ ਅਤੇ ਇਹ ਸੰਘਰਸ਼ ਜਮੀਨ ਵਾਪਿਸ ਕਰਵਾਉਣ ਤੱਕ ਜਾਰੀ ਰਹੇਗਾ। ਇਸ ਮੌਕੇ ਮੋਹਕਮ ਸਿੰਘ, ਸਲਵਿੰਦਰ ਸਿੰਘ ਭੋਲਾ, ਗੁਰਮੇਜ ਸਿੰਘ ਬੰਡਾਲਾ, ਰੇਸਮ ਸਿੰਘ ਜੋਗਾ ਸਿੰਘ ਵਾਲਾ, ਗੁਰਵੇਲ ਸਿੰਘ ਠੱਠੀਆਂ ਤੇ ਹੋਰ ਮੌਜੂਦ ਸਨ।