ਅੰਮ੍ਰਿਤਸਰ, 24 ਅਕਤੂਬਰ (ਕੰਵਲਜੀਤ ਸਿੰਘ/ਸਾਹਿਲ ਗੁਪਤਾ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਛੋਹ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਦੀ ਤਰਾਂ ਦੁਸਹਿਰਾ ਪੁਰਬ ਬੜੀ ਸ਼ਰਧਾ ਭਾਵਨਾ ਤੇ ਚੜਦੀ ਕਲਾ ਨਾਲ ਮਨਾਇਆ ਗਿਆ। ਮਿਤੀ 21 ਅਕਤੂਬਰ 2023 ਤੋਂ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥਕ ਕਵੀਸ਼ਰੀ ਤੇ ਢਾਡੀ ਜੱਥਿਆ ਨੇ ਉਚੇਚੇ ਤੌਰ ਤੇ ਹਾਜਰੀਆ ਭਰੀਆਂ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਦੀ ਮਿਠੀ ਯਾਦ ਵਿੱਚ ਮਿਤੀ 23 ਅਕਤੂਬਰ ਦੀ ਰਾਤ ਨੂੰ ਬਾਬਾ ਸਰਬਜੋਤ ਸਿੰਘ ਜੀ ਭੱਲਾ ਅਤੇ ਮਾਤਾ ਕਮਲਾ ਕੌਰ ਜੀ ਵੱਲੋਂ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਅਤੇ ਡਾ. ਵਿਜੇ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਬੋਰਡ ਦੇ ਸਹਿਯੋਗ ਨਾਲ ਰੈਣ ਸਬਾਈ ਕੀਰਤਨ ਦਰਬਾਰ ਦੀ ਆਯੋਜਨ ਕੀਤਾ ਗਿਆ।
ਇਸ ਕੀਰਤਨ ਸਮਾਗਮ ਵਿੱਚ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆਂ ਨੇ ਦੁਸਹਿਰਾ ਪੁਰਬ ਮਨਾਉਣ ਦੇ ਇਤਹਾਸ ਸੰਬੰਧੀ ਚਾਨਣਾ ਪਾਇਆ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਤੇ ਭਾਈ ਅਮਰਜੀਤ ਸਿੰਘ ਜੀ ਤਾਨ ਪਟਿਆਲੇ ਵਾਲਿਆ ਨੇ ਰਸਭਿਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ ਪ੍ਰੰਪਰਾਵਾਂ ਅਨੁਸਾਰ ਮਿਤੀ 15 ਅਕਤੂਬਰ 2023 ਤੋਂ ਤਖ਼ਤ ਸਾਹਿਬ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਸ਼੍ਰੋਮਣੀ ਪਾਣੀ ਦੇ ਪਾਠ ਰੋਜਾਨਾ ਕੀਤੇ ਗਏ ਅਤੇ 24 ਅਕਤੂਬਰ 2023 ਨੂੰ ਬਾਦ ਦੁਪਹਿਰ ਚਾਰ ਵਜੇ ਬੜੀ ਸੱਜ ਧੱਜ ਤੋਂ ਸਾਨੋ ਸ਼ੌਕਤ ਨਾਲ ਦੁਸ਼ਹਿਰ ਦਾ ਮਹੱਲਾ ਆਰੰਤ ਹੋਇਆ ਜੋ ਸ਼ਹਿਰ ਦੇ ਵੱਖ ਵੱਖ ਮਾਰਗਾਂ ਤੋਂ ਹੁੰਦਾ ਹੋਇਆ ਦੇਰ ਰਾਤ ਨੂੰ ਵਾਪਿਸ ਤਖਤ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮਹੱਤ ਦੀ ਸ਼ਾਨ ਬਹੁਤ ਹੀ ਨਿਰਾਲੀ ਸੀ।
ਇਸ ਵਿੱਚ ਤਖਤ ਸੱਚਖੰਡ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂਹ ਪੰਜ ਪਿਆਰੇ ਸਾਹਿਬਾਨ ਗੁਰੂ ਮਹਾਰਾਜ ਦੇ ਘੋੜੇ, ਨਿਸ਼ਾਨਚੀ ਸਿੰਘ, ਗੱਤਕਾ ਪਾਰਟੀਆਂ, ਕੀਰਤਨੀ ਜੱਥੇ ਨਿਹੜਾ ਸਿੰਘ ਦਲ ਪੰਥ, ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਸ਼ਾਮਲ ਹੋਈਆਂ ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਹੱਲਾ ਬੋਲ ਚੌਕ ਚ ਨਿਸ਼ਾਨਚੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਵਰਤ ਹੋਣਾ ਆਰੰਭ ਹੋਇਆ ਜੋ ਥੋੜੀ ਦੂਰ ਦਿਖਲਵਾੜੀ ਚੌਕ ਤੱਕ ਪੁੱਜਿਆ ਦੁਸਹਿਰਾ ਪੁਰਬ ਦਾ ਇਹ ਮਹੱਲਾ ਹਰਿਦੁਆਰਾ ਬਾਉਲੀ ਦਮਦਮਾ ਸਾਹਿਬ ਵਿਖੇ ਠੰਢੇ ਮਿੱਠੇ ਜਲ ਦੀਆਂ ਛਬੀਲਾ ਛਕਣ ਉਪਰੰਤ ਨਿਰਧਾਰਤ ਮਾਰਗਾਂ ਰਾਹੀਂ ਹੁੰਦਾ ਹੋਇਆ ਤਖ਼ਤ ਸਾਹਿਬ ਵਿਖੇ ਰਾਤ ਕਰੀਬ 11 ਵਜੇ ਵਿਖੇ ਪੁੱਜਾ ਦੁਸਹਿਰੇ ਦੇ ਇਸ ਮਹਾਨ ਪੁਰਬ ਤੇ ਸਿੰਘ ਸਾਹਿਬ ਸੰਤ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ, ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਬਾਬਾ ਬਿਧੀ ਚੰਦ ਜੀ, ਨਿਹੰਗ ਸਿੰਘ ਬੁੱਢਾ ਦਲ ਆਪਣੇ ਦਲ ਦੇ ਸਿੰਘਾਂ, ਘੋੜਿਆਂ ਤੇ ਹਾਥੀ ਆਦਿ ਸਮੇਤ ਸ੍ਰੀ ਹਜ਼ੂਰ ਸਾਹਿਬ ਪੁੱਜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ।
ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਭੱਲਾਂ, ਮਾਤਾ ਸਾਹਿਬ ਦੇਵਾ ਜੀ ਸੇਵਾ ਸੁਸਾਇਟੀ ਲੁਧਿਆਣਾ, ਸੰਤ ਬਾਬਾ ਗੁਰਚਰਨ ਸਿੰਘ ਜੀ ਰੋਪੜ ਅਤੇ ਸੱਚਖੰਡਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਲਪੁਰ ਆਦਿ ਦੇ ਜਥਿਆਂ ਵਲੋਂ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ । ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਨੇ ਦੁਸਹਿਰਾ ਪੂਰਬ ਤੋਂ ਪੁੱਜੀਆਂ ਸਮੂੰਹ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੁਪਰਡੈਂਟ ਸ੍ਰ.ਠਾਨ ਸਿੰਘ ਬੁੰਗਈ ਵਲੋਂ ਅਧਿਕਾਰੀਆਂ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਪੁਖਤਾ ਪ੍ਰਬੰਧ ਕੀਤੇ ਗਏ।