ਚੰਡੀਗੜ੍ਹ , 14 ਅਕਤੂਬਰ, (ਬਿਊਰੋ) : ਹਰਿਆਣਾ ‘ਚ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਜੇਲ੍ਹ ਤੋਂ ਬਾਹਰ ਆ ਜਾਵੇਗਾ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਮਨਜ਼ੂਰ ਹੋ ਗਈ ਹੈ। ਪੈਰੋਲ ਦੌਰਾਨ ਉਹ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹੇਗਾ। ਇਸ ਤੋਂ ਇਲਾਵਾ ਰਾਜਸਥਾਨ ਦੇ ਆਸ਼ਰਮ ਦਾ ਵਿਕਲਪ ਵੀ ਖੁੱਲ੍ਹਾ ਹੈ। ਹਾਲਾਂਕਿ ਰਾਮ ਰਹੀਮ ਸਿਰਸਾ ਆਸ਼ਰਮ ਆਉਣਾ ਚਾਹੁੰਦਾ ਸੀ ਪਰ ਸਰਕਾਰ ਇਸ ਲਈ ਰਾਜ਼ੀ ਨਹੀਂ ਹੋਈ।ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ‘ਚ ਪੈਰੋਲ ਮਿਲੀ ਸੀ। ਹੁਣ ਤੱਕ ਰਾਮ ਰਹੀਮ ਨੂੰ 51 ਦਿਨਾਂ ਦੀ ਛੁੱਟੀ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਗੁਰੂਗ੍ਰਾਮ ਦੇ ਆਸ਼ਰਮ ਵਿੱਚ ਰਹੇ। ਇਸ ਤੋਂ ਬਾਅਦ ਉਹ ਯੂਪੀ ਦੇ ਬਾਗਪਤ ਵਿੱਚ 30 ਦਿਨਾਂ ਤੱਕ ਰਹੇ। ਇਸ ਦੌਰਾਨ ਉਨ੍ਹਾਂ ਆਪਣੇ ਸਤਿਸੰਗ ਦੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਸਨ।ਜ਼ਿਕਰਯੋਗ ਹੈ ਕਿ ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ 2017 ਤੋਂ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਸਜ਼ਾ ਹੋ ਚੁੱਕੀ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ।ਇਸ ਤੋਂ ਬਾਅਦ 27 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਅਤੇ ਉਹ ਯੂਪੀ ਦੇ ਬਾਗਪਤ ਆਸ਼ਰਮ ‘ਚ ਰਿਹਾ ਸੀ।
Related Articles
Check Also
Close