ਜੰਡਿਆਲਾ ਗੁਰੂ, 28 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਪਹਿਲਾਂ ਕਰੋਨਾ ਦੇ ਪ੍ਰਕੋਪ ਨੇ ਸਾਰਾ ਸਿਸਟਮ ਹਿਲਾਕੇ ਰੱਖ ਦਿੱਤਾ ਸੀ ਅਤੇ ਹੁਣ ਡੇਂਗੂ ਦੀ ਭਿਆਨਕ ਬਿਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਸਨੂੰ ਰੋਕਣ ਲਈ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ ਪਰ ਇਸਦੇ ਉਲਟ ਨਗਰ ਕੋਂਸਲ ਜੰਡਿਆਲਾ ਗੁਰੂ ਵਲੋਂ ਮੁਹੱਲਾ ਬਾਗ ਵਾਲਾ ਖੂਹ ਵਿਚ ਇਕ ਗੰਦਗੀ ਦਾ ਕੈਂਪ ਲਗਾਇਆ ਗਿਆ ਹੈ ਕਿ ਆਓ ਤੁਹਾਨੂੰ ਦੱਸੀਏ ਕਿਵੇ ਡੇਂਗੂ ਫੈਲਦਾ ਹੈ ? ਇਸਦੀ ਤਾਜਾ ਮਿਸਾਲ ਦੇਖਣ ਲਈ ਪੱਤਰਕਾਰਾਂ ਦੀ ਟੀਮ ਜਦ ਮੁਹੱਲਾ ਬਾਗ਼ ਵਾਲਾ ਖੂਹ ਪਹੁੰਚੀ ਤਾਂ ਦੇਖਿਆ ਕਿ ਮੇਨ ਚੋਂਕ ਵਿਚ ਕੂੜੇ ਦੇ ਵੱਡੇ ਪੱਧਰ ਦੇ ਢੇਰ ਲੱਗੇ ਹੋਏ ਸਨ ਜੋ ਆਂਢ ਗੁਆਂਢ ਸਿਧਾ ਸਿੱਧਾ ਡੇਂਗੂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਸਨ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੁਹੱਲਾ ਨਿਵਾਸੀਆਂ ਨੇ ਸਹਿਮ ਅਤੇ ਡਰ ਭਰੇ ਮਾਹੌਲ ਚ ਕਿਹਾ ਕਿ ਪਹਿਲਾਂ ਹੀ ਸਾਡੇ ਨੇੜੇ 4-5 ਪਰਿਵਾਰਾਂ ਨੂੰ ਡੇਂਗੂ ਹੋ ਚੁੱਕਿਆ ਹੈ ਅਤੇ ਸਾਨੂੰ ਡਰ ਹੈ ਕਿ ਸਾਡੇ ਬੱਚੇ ਨਾ ਇਸ ਘਾਤਕ ਬਿਮਾਰੀ ਦਾ ਸ਼ਿਕਾਰ ਹੋ ਜਾਣ।
ਇਸ ਸਬੰਧੀ ਨਗਰ ਕੋਂਸਲ ਵਿਚ ਸਫਾਈ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ 5-10 ਮਿੰਟ ਨੂੰ ਸਫਾਈ ਹੋ ਜਾਵੇਗੀ ਪਰ ਇਥੇ ਇਹ ਕਹਾਵਤ ਸੱਚ ਸਾਬਤ ਹੁੰਦੀ ਹੈ ਕਿ ਚਾਰ ਦਿਨ ਕੀ ਚਾਂਦਨੀ, ਫਿਰ ਅੰਧੇਰੀ ਰਾਤ । ਕਿਉਂ ਕਿ ਜਦੋ ਨਗਰ ਕੌਂਸਲ ਅਧਿਕਾਰੀ ਨੂੰ ਫੋਨ ਕਰੋ ਤਾਂ 2-4 ਦਿਨ ਸਫ਼ਾਈ ਹੁੰਦੀ ਹੈ ਪਰ ਫਿਰ ਉਹੀ ਹਾਲ ਹੋ ਜਾਂਦਾ ਹੈ । ਸਭ ਤੋਂ ਵੱਡੀ ਗੱਲ ਇਥੇ ਇਹ ਦੱਸਣਯੋਗ ਹੈ ਕਿ ਇਸ ਇਲਾਕੇ ਵਿਚ ਤਿੰਨ ਕਾਂਗਰਸੀ ਕੋਂਸਲਰ ਸਮੇਤ ਇਕ ਮੀਤ ਪ੍ਰਧਾਨ ਰੋਜਾਨਾ ਇਸ ਗੰਦਗੀ ਦੇ ਢੇਰ ਅੱਗੋਂ ਲੰਘਦੇ ਹਨ ਪਰ ਉਹਨਾਂ ਦਾ ਵੀ ਇਸ ਪਾਸੇ ਧਿਆਨ ਨਹੀਂ ਜਾ ਰਿਹਾ। ਮੁਹੱਲਾ ਨਿਵਾਸੀਆਂ ਨੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਕ੍ਰਿਪਾ ਕਰਕੇ ਇਹ ਕੂੜਾ ਜੋ ਸਾਰੀ ਸੜਕ ਤੇ ਫੈਲ ਜਾਂਦਾ ਹੈ ਇਸਨੂੰ ਨਜ਼ਦੀਕ ਹੀ ਬਣੇ ਸਰਕਾਰੀ ਡੰਪ ਵਿਚ ਸੁੱਟਿਆ ਜਾਵੇ। ਇਸ ਸਬੰਧੀ ਹਲਕਾ ਵਿਧਾਇਕ ਡੈਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।