ਅੰਮ੍ਰਿਤਸਰ, ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਅੱਜ ਪਰਵਿੰਦਰ ਸਿੰਘ ਮਲਕ ਪੁਰ ਸਟੇਟ ਸੈਕਟਰੀ ਅੰਤਰਰਾਸ਼ਟਰੀ ਮਾਨਵ ਅਧਿਕਾਰ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਹਰੇਕ ਪਿੰਡ ‘ਚ ਡੀਪੂ ਦੀ ਕਣਕ ਲਈ ਵੱਖਰੇ ਸਟੋਰ ਬਣਾਏ ਜਾਣ,ਜੋ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੋਵੇ ਤਾਂ ਕਿ ਹਰੇਕ ਗ਼ਰੀਬ ਵਰਗ ਅਤੇ ਲੋੜਵੰਦ ਦੀ ਕਣਕ ਦਾ ਤੋਲ ਸਹੀ ਹੋਵੇ ਤੇ ਕਣਕ ਹੱਕਦਾਰ ਕੋਲ ਹੀ ਪਹੁੰਚੇ। ਉਨ੍ਹਾਂ ਦੱਸਿਆ ਕਿ ਅਖ਼ਬਾਰਾਂ ਦੇ ਮਾਧਿਅਮ ਰਾਹੀਂ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਗ਼ਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰਨ ਵਾਲੇ ਹਜ਼ਾਰਾਂ ਗ਼ਰੀਬਾਂ ਮਜ਼ਦੂਰਾਂ ਨੂੰ ਮਿਲਦੀ ਦੋ ਰੁਪਏ ਕਿਲੋ ਵਾਲੀ ਕਣਕ ਕੁੱਝ ਗ਼ਰੀਬ ਤੇ ਲੋੜਵੰਦਾਂ ਤਕ ਨਹੀਂ ਪਹੁੰਚਦੀ
ਅਤੇ ਹੱਕਦਾਰ ਲੋਕਾਂ ਦੀ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਅਫ਼ਸਰਸ਼ਾਹੀ ਤੇ ਡੀਪੂ ਹੋਲਡਰਾ ਦੀ ਮਿਲੀ ਭੁਗਤ ਨਾਲ ਕਣਕ ਦੇ ਤੋਲ ਵਿੱਚ ਹੇਰਾ ਫੇਰੀ ਹੁੰਦੀ ਹੈ ਜਾ ਉਚ ਮਿਆਰੀ ਕਣਕ ਨਹੀਂ ਦਿੱਤੀ ਜਾਂਦੀ ਹੈ ਅਤੇ ਉਲਟਾ ਸਰਮਾਏਦਾਰ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਂਦੀ ਹੈ। ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਕਣਕ ਲਈ ਵੱਖਰੇ ਵੱਖਰੇ ਸਟੋਰ ਹੋਣੇ ਚਾਹੀਦੇ ਹਨ ਤਾਂ ਕਿ ਗ਼ਰੀਬਾਂ ਦਾ ਹੱਕ ਗ਼ਰੀਬਾਂ ਦੇ ਘਰ ਤਕ ਪਹੁੰਚ ਸਕੇ।