* 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਟੀਕਾਕਰਨ ਜ਼ਰੂਰ ਕਰਵਾਉਣ : ਡਾ. ਜੀ.ਬੀ ਸਿੰਘ
* ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ
* ਕਮਿਊਨਿਟੀ ਹੈਲਥ ਸੈਂਟਰ ਖਿਆਲਾ ਕਲਾਂ ਤੇ ਭੀਖੀ ਹਸਪਤਾਲ ਦਾ ਵੀ ਜਾਇਜ਼ਾ
ਮਾਨਸਾ, 12 ਅਪ੍ਰੈਲ (ਗੁਰਜੀਤ ਸੰਧੂ) : ਜ਼ਿਲ੍ਹਾ ਨਿਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਸ਼ਨ ਫ਼ਤਿਹ ਤਹਿਤ ‘ਘਰ ਘਰ ਟੀਕਾਕਰਨ’ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਅੱਜ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਜੀ.ਬੀ ਸਿੰਘ ਨੇ ਸ਼ਹਿਰ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ ਦੀ ਅਪੀਲ ਕੀਤੀ। ਡਾ. ਜੀ.ਬੀ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੋਵਿਡ ਦੀ ਜੋ ਸਥਿਤੀ ਬਣੀ ਹੋਈ ਹੈ ਉਸ ਵਿੱਚ ਇਹ ਬਹੁਤ ਮਹੱਤਵਪੂਰਨ ਹੈ ਕਿ ਜੋ ਵੀ ਵਿਅਕਤੀ 45 ਸਾਲ ਤੋਂ ਵੱਧ ਉਮਰ ਦਾ ਹੈ, ਉਹ ਆਪਣਾ ਟੀਕਾਕਰਨ ਜ਼ਰੂਰ ਕਰਵਾਏ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰਾਂ ਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪਾਂ ਰਾਹੀਂ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਛੇਤੀ ਤੋਂ ਛੇਤੀ ਇਸ ਉਮਰ ਦੀ ਆਬਾਦੀ ਦਾ ਟੀਕਾਕਰਨ ਕੀਤਾ ਜਾ ਸਕੇ ਅਤੇ ਇਸ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸਾਂਝੇ ਸਹਿਯੋਗ ਨਾਲ ਹੀ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਡਾਇਰੈਕਟਰ ਵੱਲੋਂ ਆਪਣੇ ਦੌਰੇ ਦੌਰਾਨ ਮਾਨਸਾ ਸ਼ਹਿਰ ਦੇ ਵਾਰਡ ਨੰਬਰ 6 ਦੇ ਕੋਟ ਦੇ ਟਿੱਬਾ ਵਿੱਚ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਆ ਗਿਆ। ਡਾਇਰੈਕਟਰ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਸੈਂਪਲਿੰਗ ਤੇ ਵੈਕਸੀਨੇਸ਼ਨ ਦੀ ਸਥਿਤੀ ਦਾ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨ੍ਹਾਂ ਹਦਾਇਤ ਕੀਤੀ ਕਿ ਜ਼ਮੀਨੀ ਪੱਧਰ ‘ਤੇ ਸੈਂਪਲਿੰਗ ਤੇ ਵੈਕਸੀਨੇਸ਼ਨ ਮੁਹਿੰਮ ਨੂੰ ਲਾਗੂ ਕਰਦੇ ਹੋਏ ਹਰੇਕ ਨਾਗਰਿਕ ਤੱਕ ਪਹੁੰਚ ਕੀਤੀ ਜਾਵੇ ਅਤੇ ਅਪ੍ਰੈਲ ਮਹੀਨੇ ਅੰਦਰ ਵੱਡੀ ਵਸੋਂ ਨੂੰ ਟੀਕਾਕਰਨ ਲਈ ਪੇਰਿਆ ਜਾਵੇ। ਇਸ ਉਪਰੰਤ ਡਾ.ਜੀ.ਬੀ ਸਿੰਘ ਨੇ ਸੀ.ਐਚ.ਸੀ ਖਿਆਲਾ ਕਲਾਂ ਅਤੇ ਸਿਵਲ ਹਸਪਤਾਲ ਭੀਖੀ ਦਾ ਵੀ ਦੌਰਾ ਕੀਤਾ ਅਤੇ ਉਥੇ ਨਾਗਰਿਕਾਂ ਦੇ ਟੀਕਾਕਰਨ ਅਤੇ ਸੈਂਪਲਿੰਗ ਸਬੰਧੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਡਾ. ਜੀ.ਬੀ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਸੈਂਪਲਿੰਗ ਤੇ ਟੀਕਾਕਰਨ ਦੀ ਦਰ ਵਿੱਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ ਅਤੇ ਇਸ ਕਾਰਜ ਵਿੱਚ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨਾਲ ਨਾਲ ਹਰ ਵਰਗ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਸਭ ਨਾਲ ਤਾਲਮੇਲ ਰੱਖਦੇ ਹੋਏ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਕੈਂਪ ਲਗਾਏ ਜਾਣ।
ਇਸ ਦੌਰਾਨ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਮਾਨਸਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ 115 ਵਿਸ਼ੇਸ਼ ਕੈਂਪ ਲਗਾ ਕੇ ਨਾਗਰਿਕਾਂ ਦੀ ਸੈਂਪਲਿੰਗ ਤੇ ਟੀਕਾਕਰਨ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ ਜਿਸ ਲਈ ਵੱਡੀ ਗਿਣਤੀ ਸਮਾਜ ਸੇਵਕਾਂ, ਸਰਪੰਚਾਂ, ਕੌਂਸਲਰਾਂ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਭਵਿੱਖ ਵਿੱਚ ਵੀ ਅਜਿਹੇ ਵਿਸ਼ੇਸ਼ ਕੈਂਪ ਲਗਾਉਣ ਦੀ ਪ੍ਰਕਿਰਿਆ ਜਾਰੀ ਰੱਖਦੇ ਹੋਏ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾਵੇਗਾ।
‘ਘਰ ਘਰ ਟੀਕਾਕਰਨ’ ਮੁਹਿੰਮ ਦੇ ਆਗਾਜ਼ ਮੌਕੇ ਸਰਗਰਮ ਸਮਾਜ ਸੇਵੀ ਗੁਰਲਾਭ ਸਿੰਘ ਮਾਹਲ, ਡਾ. ਜਨਕ ਰਾਜ, ਕੌਂਸਲਰ ਅਮਨ ਢੂੰਡਾ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਸਿੰਘ ਰਾਏ ਤੇ ਸਮੂਹ ਐਸ.ਐਮ.ਓਜ਼ ਹਾਜ਼ਰ ਸਨ।