ਜੰਡਿਆਲਾ ਗੁਰੂ, 20 ਮਈ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਪੱਤਰਕਾਰਾਂ ਨਾਲ ਹਲਕੇ ਦੇ ਵਿਕਾਸ ਕੰਮਾਂ ਲਈ ਰੈਅ-ਮਸ਼ਵਰਾ ਕਰਨ ਵਾਸਤੇ ਕੀਤੀ ਵਿਸਥਾਰਤ ਮੀਟਿੰਗ ਵਿਚ ਭਾਗ ਲੈਂਦੇ ਕੈਬਨਿਟ ਮੰਤਰੀ ਸ. ਹਰਭਜਨ ਸਿਘ ਈ ਟੀ ਓ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਕ ਚੰਗੀ ਪੱਤਰਕਾਰਤਾ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਮੈਂ ਬਤੌਰ ਕੈਬਨਿਟ ਮੰਤਰੀ ਆਪਣੇ ਇਲਾਕੇ ਦੇ ਪੱਤਰਕਾਰਾਂ ਦਾ ਬੇਹੱਦ ਮਾਣ-ਸਤਿਕਾਰ ਕਰਦਾ ਹਾਂ। ਇਸ ਮੌਕੇ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਸਮੂਹ ਪੱਤਰਕਾਰਾਂ ਮੀਟਿੰਗ ਕਰਨ ਲਈ ਇਮਾਰਤ ਦਿੱਤੀ ਜਾਵੇ ਤਾ ਉਨਾਂ ਪੱਤਰਕਾਰਾਂ ਦੀ ਮੰਗ ਉਤੇ ਛੇਤੀ ਹੀ ਜੰਡਿਆਲਾ ਗੁਰੂ ਵਿਚ ਪ੍ਰੈਸ ਕਲੱਬ ਲਈ ਵਧੀਆ ਇਮਾਰਤ ਦੇਣ ਦਾ ਐਲਾਨ ਕੀਤਾ।
ਉਨਾਂ ਕਿਹਾ ਕਿ ਮੁੱਖ ਮੰਤਰ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿਸ ਦਿਨ ਦੀ ਮੈਂ ਜੰਡਿਆਲਾ ਗੁਰੂ ਹਲਕੇ ਦੀ ਪ੍ਰਤੀਨਿਧਤਾ ਸ਼ੁਰੂ ਕੀਤੀ ਹੈ, ਉਸ ਦਿਨ ਤੋਂ ਹੀ ਮੈਂ ਇਸ ਡਿਊਟੀ ਨੂੰ ਇਸ ਤਰਾਂ ਨਿਭਾ ਰਿਹਾ ਹਾਂ ਕਿ ਇਹ ਮੇਰੇ ਹਲਕੇ ਦੀ ਮਾਣ-ਇਜ਼ਤ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਮੈਂ ਇਕੱਲਾ ਮੰਤਰੀ ਜਾਂ ਵਿਧਾਇਕ ਨਹੀਂ ਬਣਿਆ, ਬਲਕਿ ਤੁਸੀਂ ਸਾਰੇ ਜਿੰਨਾ ਨੇ ਮੇਰਾ ਦਿਨ-ਰਾਤ ਸਾਥ ਦਿੱਤਾ, ਤੁਸੀਂ ਸਾਰੇ ਮੰਤਰੀ ਹੋ। ਉਨਾਂ ਪੱਤਰਕਾਰ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਜੰਡਿਆਲਾ ਗੁਰੂ ਹਲਕੇ ਨੂੰ ਪੰਜਾਬ ਦਾ ਸਿਰਮੌਰ ਹਲਕਾ ਬਨਾਉਣ ਵਿਚ ਆਪਣੇ ਢੁੱਕਵੇਂ ਵਿਚਾਰ ਜਰੂਰ ਦੇਣ।
ਉਨਾਂ ਕਿਹਾ ਕਿ ਹਲਕੇ ਦੀਆਂ ਸੜਕਾਂ, ਬਿਜਲੀ ਦੀ ਬਿਹਤਰ ਸਪਲਾਈ, ਜੰਡਿਆਲਾ ਗੁਰੂ ਸ਼ਹਿਰ ਦੀ ਸਾਫ-ਸਫਾਈ, ਸੀਵਰੇਜ ਆਦਿ ਅਹਿਮ ਮੁੱਦੇ ਤਾਂ ਮੇਰੇ ਧਿਆਨ ਵਿਚ ਹਨ, ਇਸ ਤੋਂ ਇਲਾਵਾ ਜਿੱਥੇ ਵੀ ਤਹਾਨੂੰ ਮੇਰੀ ਲੋੜ ਮਹਿਸੂਸ ਹੋਵੇ, ਮੈਨੂੰ ਜ਼ਰੂਰ ਦੱਸੋ, ਤਾਂ ਜੋ ਆਪਾਂ ਸਾਰੇ ਇਕ ਟੀਮ ਬਣ ਕੇ ਇਲਾਕੇ ਦੀ ਸੇਵਾ ਬਿਹਤਰ ਢੰਗ ਨਾਲ ਕਰ ਸਕੀਏ। ਸ. ਹਰਭਜਨ ਸਿੰਘ, ਜੋ ਕਿ ਜੰਡਿਆਲਾ ਗੁਰੂ ਵਿਚ ਪੜ੍ਹੇ ਅਤੇ ਇਥੇ ਵੀ ਕੁੱਝ ਸਮਾਂ ਵੱਖ-ਵੱਖ ਅਹੁਦਿਆਂ ਉਤੇ ਰਹੇ ਹੋਣ ਕਾਰਨ ਸਮੁੱਚੇ ਪੱਤਰਕਾਰਾਂ ਲਈ ਇਕ ਪਰਿਵਾਰ ਵਾਂਗ ਹਨ ਅਤੇ ਅੱਜ ਦੀ ਇਸ ਮਿਲਣੀ ਵਿਚ ਇਹ ਮਾਹੌਲ ਵੀ ਬਣਿਆ ਰਿਹਾ।
ਕੈਬਨਿਟ ਮੰਤਰੀ ਨੇ ਸਾਰੇ ਪੱਤਰਕਾਰਾਂ ਨਾਲ ਮੇਜ਼ ਸਾਂਝਾ ਕੀਤਾ ਅਤੇ ਇਕੱਲੇ ਇਕੱਲੇ ਪੱਤਰਕਾਰ ਦੀ ਗੱਲ ਬੜੇ ਪਿਆਰ ਨਾਲ ਸੁਣੀ। ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਭਵਿਖ ਵਿਚ ਵੀ ਇਸ ਤਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇ ਤਾਂ ਜੋ ਆਪਾਂ ਸਾਰੇ ਇਕ ਮਿਸ਼ਨ ਦੀ ਪ੍ਰਾਪਤੀ ਲਈ ਡਟੇ ਰਹੀਏ।ਇਸ ਮੌਕੇ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਦੇ ਚੇਅਰਮੈਨ ਰਾਮ ਸ਼ਰਨਜੀਤ ਸਿੰਘ, ਪ੍ਰਧਾਨ ਡਾ ਹਰਜਿੰਦਰ ਸਿੰਘ ਕਲੇਰ,ਜਰਨਲ ਸੈਕਟਰੀ ਮਲਕੀਤ ਸਿੰਘ ਸੱਗੂ, ਮੀਤ ਪ੍ਰਧਾਨ ਬਲਜੀਤ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸੋਨੂੰ, ਕੰਵਲਜੀਤ ਸਿੰਘ ਲਾਡੀ, ਅੰਗਰੇਜ ਸਿੰਘ ਬੰਡਾਲਾ, ਪੰਜਾਬ ਸਿੰਘ ਬੱਲ, ਗੁਰਪ੍ਰੀਤ ਸਿੰਘ ਚੰਦੀ, ਰਜੇਸ਼ ਪਾਠਕ, ਤੋਂ ਇਲਾਵਾ ਡੀ ਪੀ ਆਰ ਉ ਸ਼ੇਰ ਜੰਗ ਬਹਾਦਰ ਸਿੰਘ ਹੁੰਦਲ ਆਦਿ ਹਾਜ਼ਰ ਸਨ।