ਜੰਡਿਆਲਾ ਗੁਰੂ, 02 ਜੁਲਾਈ (ਕੰਵਲਜੀਤ ਸਿੰਘ ਲਾਡੀ) : ਸੰਤ ਸਿਪਾਹੀ ਵਿਚਾਰ ਮੰਚ ਦੇ ਮੀਡੀਆ ਸਕੱਤਰ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੰਡਿਆਲਾ ਗੁਰੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨ ਮਿਤੀ 1 ਜੁਲਾਈ ਨੂੰ ਸੰਤ ਸਿਪਾਹੀ ਵਿਚਾਰ ਮੰਚ ਨਵੀਂ ਦਿੱਲੀ ਵੱਲੋਂ ਬੀਬੀ ਕੌਲਾਂ ਭਲਾਈ ਕੇਂਦਰ ਅੰਮ੍ਰਿਤਸਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਗੁਰਦੁਆਰਾ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ”ਕੇਸ ਸੰਭਾਲ ਦਿਵਸ” ਗੁਰਦੁਆਰਾ ਤਪ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਜਿਲ੍ਹਾ ਤਰਨ ਤਾਰਨ ਵਿਖੇ ਕਰਵਾਇਆ ਗਿਆ ਜੋ ਜੈਕਾਰਿਆਂ ਦੀ ਗੂੰਜ ਚ ਸੰਪਨ ਹੋਇਆ।
ਇਸ ਮੌਕੇ ਪੰਥ ਪ੍ਰਸਿੱਧ ਰਾਗੀ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਰਾਗੀ ਭਾਈ ਹਰਦੇਵ ਸਿੰਘ ਦੀਵਾਨਾ ਅਤੇ ਸਾਥੀਆਂ ਵਲੋਂ ਰੱਬੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਦਿਆਂ ਕੇਸਾਂ ਪ੍ਰਤੀ ਨੌਜਵਾਨਾਂ ਨੂੰ ਜਾਣੂ ਕਰਵਾਇਆ ਗਿਆ । ਉਪਰੰਤ ਪੰਥ ਪ੍ਰਸਿੱਧ ਕਵੀ ਭਾਈ ਗੁਰਚਰਨ ਸਿੰਘ ਚਰਨ ਨਵੀਂ ਦਿੱਲੀ, ਕਵਿੱਤਰੀ ਬੀਬੀ ਜਤਿੰਦਰ ਕੌਰ ਅਨੰਦਪੁਰ ਸਾਹਿਬ, ਕਵਿੱਤਰੀ ਬੀਬੀ ਮਨਜੀਤ ਕੌਰ ਪਹੁਵਿੰਡ, ਕਵੀ ਮਲਕੀਤ ਸਿੰਘ ਨਿਮਾਣਾ ਵੱਲੋਂ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹਾਦਤ ਦੇ ਫਲਸਫ਼ੇ ਦੇ ਨਾਲ ਸੰਗਤ ਨੂੰ ਜੋੜਿਆ ਗਿਆ। ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਤੇ ਸ. ਹਰੀ ਸਿੰਘ ਮਥਾਰੂ ਆਲ ਇੰਡੀਆ ਕੋ-ਆਰਡੀਨੇਟਰ ਸੰਤ ਸਿਪਾਹੀ ਵਿਚਾਰ ਮੰਚ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੰਡਿਆਲਾ ਗੁਰੂ ਨੇ ਨਿਭਾਈ। ਇਸ ਮੌਕੇ ਸੰਤ ਸਿਪਾਹੀ ਵਿਚਾਰ ਮੰਚ ਦੇ ਪ੍ਰਧਾਨ ਸੰਤ ਸਾਧੂ ਸਿੰਘ, ਕੋ-ਆਰਡੀਨੇਟਰ ਹਰੀ ਸਿੰਘ ਮਥਾਰੂ, ਦਲਬੀਰ ਸਿੰਘ ਹੰਸਪਾਲ, ਗੁਰਬਚਨ ਸਿੰਘ ਚਾਂਦਨੀ ਚੌਕ ਦਿੱਲੀ, ਭਾਈ ਹਜ਼ੂਰ ਸਿੰਘ, ਬੀਬੀ ਰਣਬੀਰ ਕੌਰ ਦਿੱਲੀ ਵੱਲੋਂ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਰਸੀਵਰ ਜਸਪਾਲ ਸਿੰਘ, ਮੈਨੇਜਰ ਜਗੀਰ ਸਿੰਘ, ਭਾਈ ਹਰਮਿੰਦਰ ਸਿੰਘ, ਰਾਗੀ ਭਾਈ ਹਰਦੇਵ ਸਿੰਘ ਦੀਵਾਨਾ, ਭਾਈ ਗੁਰਕੀਰਤ ਸਿੰਘ, ਕਵੀ ਗੁਰਚਰਨ ਸਿੰਘ ਚਰਨ, ਕਵੀ ਮਲਕੀਤ ਸਿੰਘ ਨਿਮਾਣਾ, ਕਵਿੱਤਰੀ ਬੀਬੀ ਜਤਿੰਦਰ ਕੌਰ ਅਨੰਦਪੁਰੀ, ਬੀਬੀ ਮਨਜੀਤ ਕੌਰ ਪਹੁਵਿੰਡ, ਭਾਈ ਰੰਗਾ ਸਿੰਘ ਬਿਜਲੀ ਵਾਲੇ, ਸੁਖਵਿੰਦਰ ਸਿੰਘ ਪੰਡੋਰੀ, ਸੁਖਦੀਪ ਸਿੰਘ ਸੋਹਲ, ਮੁੱਖ ਗ੍ਰੰਥੀ ਗੁਰਸਾਹਿਬ ਸਿੰਘ, ਗ੍ਰੰਥੀ ਬਲਰਾਜ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਗੋਲਣ ਸਮੇਤ ਕਈ ਧਾਰਮਿਕ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਥਾਨਕ ਸੰਗਤ ਸਮੇਤ ਦਿੱਲੀ, ਰਾਜਸਥਾਨ ਤੋਂ ਪਹੁੰਚੀ ਸਮੁੱਚੀ ਸੰਗਤ ਦਾ, ਪ੍ਰਚਾਰਕਾਂ ਦਾ ਭਾਈ ਹਰੀ ਸਿੰਘ ਮਥਾਰੂ ਵੱਲੋਂ ਧੰਨਵਾਦ ਕੀਤਾ ਗਿਆ।