
ਅੰਮ੍ਰਿਤਸਰ 18 ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਜਿੱਥੇ ਪਹਿਲਾਂ ਹੀ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਤੇ ਯੂਨੀਅਨਾਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨੇ ਲਾਈ ਬੈਠੀਆਂ ਹਨ, ਉੱਥੇ ਅੱਜ ਜੇ.ਸੀ.ਬੀ ਮਸ਼ੀਨ ਚਾਲਕਾਂ ਨੇ ਵੀ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸਰਕਾਰੀ ਧੱਕੇਸ਼ਾਹੀਆਂ ਦੇ ਟਾਕਰੇ ਵਾਸਤੇ ਜਥੇਬੰਦੀ ਦਾ ਗਠਨ ਕਰਕੇ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧੌਲ ਕਲਾਂ, ਜਨਰਲ ਸਕੱਤਰ ਜਗਜੀਤ ਸੰਧੂ ਚੱਕ ਮਿਸ਼ਰੀ ਖਾਂ ਅਤੇ ਮੀਤ ਪ੍ਰਧਾਨ ਹਰਪਾਲ ਸਿੰਘ ਵਡਾਲਾ ਚੁਣੇ ਗਏ ਹਨ । ਪਿੰਡ ਵਡਾਲਾ ਭਿੱਟੇਵੱਡ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਜੇ.ਸੀ.ਪੀ.ਮਸ਼ੀਨ ਚਾਲਕਾਂ ਤੇ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੀ ਸਾਂਝੀ ਹੋਈ ਮੀਟਿੰਗ ਉਪਰੰਤ ਪੰਜਾਬ ਪ੍ਰਧਾਨ ਬਚਿੱਤਰ ਸਿੰਘ ਕੋਟਲਾ, ਬਲਰਾਜ ਸਿੰਘ ਧੌਲ ਕਲਾਂ, ਜਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਟੈਣੀ ਵਡਾਲਾ ਆਦਿ ਨੇ ਕਿਹਾ ਕਿ ਪੁਲਿਸ ਅਤੇ ਮਾਇਨਿੰਗ ਵਿਭਾਗ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਹੀ ਮਿੱਟੀ ਪੁੱਟਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਇੱਕ -ਇੱਕ ਟਰਾਲੀ ਦਾ 50-50 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੈਂਕਾਂ ਤੋਂ ਕਰਜੇ ਲੈ ਕੇ ਮਸ਼ੀਨਾਂ ਖਰੀਦੀਆਂ ਹਨ ਅਤੇ ਕਾਰੋਬਾਰ ਬੰਦ ਹੋਣ ਕਰਕੇ ਉਨ੍ਹਾਂ ਨੂੰ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਗਈਆਂ ਹਨ । ਉਨ੍ਹਾਂ ਜੋਰ ਦੇ ਕੇ ਕਿਹਾ ਕਿ ਨਜਾਇਜ ਹੋ ਰਹੀ ਰੇਤ ਦੀ ਕਾਰਾਬਜਾਰੀ ਅਤੇ ਚਿੱਟੇ ਦੀ ਵਿੱਕਰੀ ਸਰਕਾਰ ਨੂੰ ਸ਼ਾਇਦ ਨਜ਼ਰ ਨਹੀਂ ਆ ਰਹੀ ਤੇ ਉਨ੍ਹਾਂ ਦਾ ਧਿਆਨ ਕਿਸਾਨਾਂ ਤੇ ਮਿਹਨਤਕਸ਼ ਲੋਕਾਂ ਨੂੰ ਤੰਗ ਕਰਨ ਤੇ ਲੱਗਾ ਹੋਇਆ ਹੈ । ਉਨ੍ਹਾਂ ਪੰਜਾਬ ਸਰਕਾਰ, ਮਾਇਨਿੰਗ ਵਿਭਾਗ ਤੇ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਵਾਈ ਅੱਡਾ ਰੋਡ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ । ਬਚਿੱਤਰ ਸਿੰਘ ਕੋਟਲਾ ਨੇ ਕਿਹਾ ਕਿ ਯੂਨੀਅਨ ਹਰ ਮੋਰਚੇ ਤੇ ਪੀੜਤ ਲੋਕਾਂ ਦੇ ਨਾਲ ਖੜੀ ਹੈ।