ਅੰਮਿ੍ਤਸਰ/ਜੰਡਿਆਲਾ ਗੁਰੂ , 23 ਅਕਤੂਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ) : ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ ਚੌੜਾਈ ਦੁੱਗਣੀ ਕਰਨ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਜੰਡਿਆਲਾ ਗੁਰੂ ਹਲਕੇ ਦੀ ਮਹੱਤਵਪੂਰਣ ਸੜਕ, ਜੋ ਨਿਜ਼ਰਪੁਰਾ ਤੋਂ ਵਡਾਲਾ ਜੌਹਲ ਹੁੰਦੀ ਅੰਮਿ੍ਤਸਰ-ਪਠਾਨਕੋਟ ਸੜਕ ਉਤੇ ਜਾ ਚੜਦੀ ਹੈ, ਤੋਂ ਕਰ ਦਿੱਤੀ ਗਈ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਉਕਤ ਸੜਕ ਨੂੰ 10 ਤੋਂ 18 ਫੁੱਟ ਚੌੜਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕਰੀਬ 8 ਕਿਲੋਮੀਟਰ ਲੰਮੀ ਇਹ ਸੜਕ ਚੌੜੀ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਅੱਜ ਇਸ ਮਗਰੋਂ ਖੇਲੇ ਪਿੰਡ ਦੀ ਫਿਰਨੀ ਪੱਕੀ ਕਰਨ ਅਤੇ ਨਾਲੇ ਦੀ ਸਫਾਈ ਕਰਵਾਉਣ ਦੀ ਵੀ ਸ਼ੁਰੂਆਤ ਕੀਤੀ। ਸ. ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਰਾਜ ਨੂੰ ਖੁਸ਼ਹਾਲ ਵੇਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਸੜਕਾਂ ਜੋ ਕਿ ਵਿਕਾਸ ਦਾ ਮੂਲ ਅਧਾਰ ਹਨ, ਨੂੰ ਚੌੜਾ ਕਰਨ ਦਾ ਸੁਪਨਾ ਵੀ ਉਨ੍ਹਾਂ ਲਿਆ ਹੈ, ਜਿਸ ਦੀ ਸ਼ੁਰੂਆਤ ਤੁਹਾਡੇ ਹਲਕੇ ਵਿੱਚ ਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣਗੀਆਂ।