ਚੋਹਲਾ ਸਾਹਿਬ/ਤਰਨਤਾਰਨ ,17 ਮਈ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਪੱਖੋਪੁਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਮੰਗਲਵਾਰ ਦੁਪਹਿਰ ਨੂੰ ਇੱਕ ਵਿਧਵਾ ਔਰਤ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦਿੱਤਾ ਗਿਆ।ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਵਾਰਦਾਤ ਦਾ ਪਤਾ ਚੱਲਦੇ ਹੀ ਡੀ.ਐਸ.ਪੀ ਤਰਨਤਾਰਨ ਜਗੀਰ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਪੱਖੋਪੁਰ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਪਰਿਵਾਰਾਂ ਦਾ ਜ਼ਮੀਨੀ ਵੰਡ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।ਇਸ ਝਗੜੇ ਦੀ ਦਰਖ਼ਾਸਤ ਵੀ ਥਾਣਾ ਚੋਹਲਾ ਸਾਹਿਬ ਪੁੱਜੀ ਸੀ।
ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਚੱਲ ਰਹੇ ਝਗੜੇ ਦਾ ਰਾਜ਼ੀਨਾਮਾ ਹੋਣ ਤੋਂ ਪਹਿਲਾਂ ਹੀ ਅੱਜ ਸੁਖਵਿੰਦਰ ਸਿੰਘ ਅਤੇ ਉਸਦੇ ਪੁੱਤਰ ਪ੍ਰਭਜੀਤ ਸਿੰਘ ਅਤੇ ਜਸ਼ਨਪ੍ਰੀਤ ਸਾਬਕਾ ਸਰਪੰਚ ਕਸ਼ਮੀਰ ਦੇ ਘਰ ਦਾਖਲ ਹੋਏ ਅਤੇ ਘਰ ਵਿੱਚ ਮੌਜੂਦ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੀ ਵਿਧਵਾ ਨੂੰਹ ਰਾਜਬੀਰ ਕੌਰ (28) ‘ਤੇ 12 ਬੋਰ ਦੀ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਵੱਜਣ ਨਾਲ ਰਾਜਬੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਰਾਜਬੀਰ ਕੌਰ ਜਿਸਦੇ ਪਤੀ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਆਪਣੇ ਪਿੱਛੇ ਤਿੰਨ ਛੋਟੇ ਬੱਚਿਆਂ ਨੂੰ ਛੱਡ ਗਈ ਹੈ।ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।