
ਜਲੰਧਰ, 21 ਅਕਤੂਬਰ (ਕਬੀਰ ਸੌਂਧੀ) : ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਨੇ ਬੈਂਕ ਡਕੈਤੀ ਦੇ ਫਰਾਰ ਮੁਲਜ਼ਮ ਨੂੰ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਉੱਤਮ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਬੀਤੀ 4 ਅਗਸਤ ਨੂੰ ਇੰਡਸਟਰੀ ਖੇਤਰ ਵਿੱਚ ਪੈਂਦੇ ਯੂਕੋ ਬੈਂਕ ਵਿੱਚ ਹਥਿਆਰਬੰਦ ਲੁਟੇਰੇ ਬੈਂਕ ਦੀਆਂ ਦੋ ਮਹਿਲਾ ਮੁਲਾਜ਼ਮਾਂ ਦੇ ਗਹਿਣੇ ਅਤੇ 13 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ।ਜਿਸ ‘ਤੇ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਨੇ 3 ਦੋਸ਼ੀਆਂ ਅਜੇ ਪਾਲ ਸਿੰਘ ਉਰਫ ਨਿਹੰਗ, ਵਿਜੇ ਤਿਵਾੜੀ ਅਤੇ ਤਰੁਣ ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਲੁਟੇਰਿਆਂ ਦਾ ਚੌਥਾ ਸਾਥੀ ਫਰਾਰ ਸੀ। ਜਿਸ ਨੂੰ ਪੁਲਿਸ ਨੇ ਅੱਜ 32 ਬੋਰ ਦਾ ਰਿਵਾਲਵਰ, 1 ਲੱਖ ਰੁਪਏ ਦੀ ਨਕਦੀ, 2 ਸੋਨੇ ਦੀਆਂ ਮੁੰਦਰੀਆਂ, ਚੇਨ, ਲਾਕੇਟ ਅਤੇ 2 ਚੂੜੀਆਂ ਸਮੇਤ ਕਾਬੂ ਕੀਤਾ ਹੈ।