ਜਲੰਧਰ, 21 ਮਈ (ਕਬੀਰ ਸੌਂਧੀ) : ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਵਲੋਂ ਅੱਜ ਜਲੰਧਰ ਸਾਊਥ ਵਿਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿੱਥੇ ਉਨ੍ਹਾਂ ਕਿਹਾ ਕਿ ਇਹ ਮੇਰਾ ਹਲਕਾ ਨਹੀਂ ਸਗੋਂ ਇਹ ਮੇਰਾ ਘਰ ਹੈ, ਜਿੱਥੋਂ ਮੈਨੂੰ ਲੋਕਾਂ ਵਲੋਂ ਭਰਪੂਰ ਪਿਆਰ ਮਿਲਿਆ ਹੈ ਅਤੇ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਇਥੋਂ ਲੋਕ ਉਨ੍ਹਾਂ ਨੂੰ ਜ਼ਰੂਰ ਰੱਜਵਾਂ ਪਿਆਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਗੱਲ ਕਰੀਏ ਇਨ੍ਹਾਂ ਇਲੈਕਸ਼ਨਾਂ ਦੀ ਤਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਦੇ ਵਿਚ ਲੋਕਾਂ ਦੇ ਇਹ ਵੱਡੇ ਇਕੱਠ ਹੋ ਰਹੇ ਹਨ ਬੇਸਿਕ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਹੈ ਪਰ ਹੁਣ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਾ ਪਿਆ ਹੈ ਕਿ ਪੰਜਾਬ ਦੇ ਵਿਚ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਿਰਫ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਲਾਅ ਐਂਡ ਆਰਡਰ ਨਹੀਂ ਰਿਹਾ। ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਥੇ ਹੀ ਜ਼ਿਲਾ ਇੰਚਾਰਜ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਲੋਕਾਂ ਨੇ ਹੁਣ ਤਹੱਈਆ ਕਰ ਲਿਆ ਹੈ ਕਿ ਬਦਲਾਅ ਵਾਲੀ ਪਾਰਟੀ ਦੀਆਂ ਗੱਲਾਂ ਵਿਚ ਨਹੀਂ ਆਉਣਾ ਅਤੇ ਪੰਜਾਬ ਦੀ ਆਪਣੀ ਪਾਰਟੀ ਦੇ ਹੱਕ ਵਿਚ ਨਿਤਰਣਾ ਹੈ ਅਤੇ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਲੁੱਟਾਂ-ਖੋਹਾਂ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਤੋਂ ਲੋਕ ਡਰ ਗਏ ਹਨ ਕਿਉਂਕਿ ਕੋਈ ਵੀ ਘਰੋਂ ਨਿਕਲਦਾ ਹੈ ਤਾਂ ਉਸ ਨੂੰ ਨਹੀਂ ਪਤਾ ਕਿ ਕਿਸ ਵੇਲੇ ਉਸ ਨੂੰ ਕਿਹੜੇ ਮੋੜ ‘ਤੇ ਲੁੱਟੇਰੇ ਲੁੱਟ ਲੈਣਗੇ। ਨਸ਼ਾ ਵੀ ਪੰਜਾਬ ਵਿਚ ਪੈਰ ਪਸਾਰਦਾ ਜਾ ਰਿਹਾ ਹੈ ਜਿਸ ਕਾਰਨ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ
ਤਾਂ ਉਹ ਪੁੱਠੇ ਕੰਮੀ ਪੈ ਕੇ ਆਪਣਾ ਜੀਵਨ ਖਰਾਬ ਕਰ ਰਹੇ ਹਨ ਕੋਈ ਲੁੱਟਾਂ-ਖੋਹਾਂ ਕਰ ਰਿਹਾ ਹੈ ਤਾਂ ਕੋਈ ਨਸ਼ਿਆਂ ਵਿਚ ਜਵਾਨੀ ਗਰਕ ਕਰ ਰਿਹਾ ਹੈ ਅਤੇ ਕੋਈ ਗੈਂਗਸਟਰ ਬਣ ਰਿਹਾ ਹੈ, ਜਦੋਂ ਕਿ ਪੰਜਾਬ ਦਾ ਨੌਜਵਾਨ ਗੈਂਗਸਟਰ ਜਾਂ ਨਸ਼ੇੜੀ ਨਹੀਂ ਹੈ। ਪੰਜਾਬ ਦੇ ਗੱਭਰੂ ਖੇਡਾਂ ਵਿਚ ਮੱਲਾਂ ਮਾਰਨ ਵਾਲੇ, ਮਿਹਨਤਕਸ਼ ਲੋਕ ਹਨ ਜਿਨ੍ਹਾਂ ਦੀ ਮਿਸਾਲ ਵਿਦੇਸ਼ਾਂ ਤੱਕ ਕਾਇਮ ਹੈ। ਇਨ੍ਹਾਂ ਨੌਜਵਾਨਾਂ ਤੋਂ ਰੁਜ਼ਗਾਰ ਖੋਹ ਕੇ ਇਨ੍ਹਾਂ ਦੇ ਹੱਥ ਵਿਚ ਨਸ਼ਾ ਤੇ ਹਥਿਆਰ ਫੜਾ ਦਿੱਤੇ ਗਏ ਹਨ। ਇਨ੍ਹਾਂ ਨੌਜਵਾਨਾਂ ਦਾ ਭਵਿੱਖ ਸਵਾਰਨਾ ਹੈ ਤਾਂ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਹੀ ਸਵਾਰਿਆ ਜਾ ਸਕਦਾ ਹੈ।