ਜਲੰਧਰ 18 ਮਾਰਚ (ਸੁਮਿਤ ਖੇੜਾ) : ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਅਤੇ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀਆਂ, ਖ਼ਾਸ ਕਰਕੇ ਸਰਕਾਰੀ ਬੱਸਾਂ ਕਰਤਾਰਪੁਰ ਵਿਖੇ ਨਹੀਂ ਰੁਕਦੀਆਂ, ਬਲਕਿ ਸਿੱਧੀਆਂ ਹੀ ਪੁੱਲ ਉੱਪਰ ਦੀ ਲੰਘ ਜਾਂਦੀਆਂ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਤੇਜਿੰਦਰ ਸਿੰਘ, ਚੇਅਰਮੈਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਜਲੰਧਰ ਅਤੇ ਜਨਰਲ ਸਕੱਤਰ, ਜੁਆਇੰਟ ਐਕਸ਼ਨ ਕਮੇਟੀ, ਜਲੰਧਰ ਨੇ ਦੱਸਿਆ ਕਿ ਉਹ ਮਿਤੀ 17-03-2022 ਨੂੰ ਬੱਸ ਵਿੱਚ ਸਫਰ ਕਰ ਰਿਹਾ ਸੀ ਤਾਂ ਇਹ ਗੱਲ ਉਹਨਾਂ ਦੇ ਨੋਟਿਸ ਵਿੱਚ ਆਈ।
ਉਹਨਾਂ ਦੱਸਿਆ ਕਿ ਜੇ ਇਹ ਬੱਸਾਂ ਰੁਕਦੀਆਂ ਹਨ ਤਾਂ ਜਿੱਥੇ ਬੱਸ ਅੱਡੇ ਵਿੱਚ ਸਵਾਰੀਆਂ ਖਲੋਤੀਆਂ ਹੁੰਦੀਆਂ ਹਨ, ਉਸ ਜਗ੍ਹਾ ਨੂੰ ਛੱਡ ਕੇ ਅੱਡੇ ਤੋਂ 200 ਮੀਟਰ ਅੱਗੇ ਜਾ ਕੇ ਰੁਕਦੀਆਂ ਹਨ ਤੇ ਉਤਰਣ ਵਾਲੀਆਂ ਸਵਾਰੀਆਂ ਉੱਤਰ ਜਾਂਦੀਆਂ ਹਨ ਪਰ ਚੜ੍ਹਨ ਵਾਲੀਆਂ ਸਵਾਰੀਆਂ ਓਥੇ ਹੀ ਖਲੋਤੀਆਂ ਰਹਿ ਜਾਂਦੀਆਂ ਹਨ। ਜਿਸ ਕਰਕੇ ਸਕੂਲ/ਕਾਲਜ ਜਾਣ ਵਾਲੇ ਵਿਦਿਆਰਥੀ ਅਤੇ ਸਰਕਾਰੀ ਦਫਤਰਾਂ ਵਿਚ ਡਿਊਟੀ ਤੇ ਜਾਣ ਵਾਲੇ ਕਰਮਚਾਰੀ ਖੱਜਲ-ਖਰਾਬ ਹੋਣ ਦੇ ਨਾਲ-ਨਾਲ ਡਿਊਟੀ ਤੋਂ ਲੇਟ ਹੋ ਜਾਂਦੇ ਹਨ।
ਸਰਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਵੱਲੋਂ ਓਸੇ ਵੇਲੇ ਮਾਨਯੋਗ ਡੀ.ਸੀ. ਸਾਹਿਬ ਜੀ, ਜਲੰਧਰ, ਐੱਸ.ਡੀ.ਐਮ. ਸਾਹਿਬ ਜਲੰਧਰ-2, ਜਨਰਲ ਮੈਨੇਜਰ ਸਾਹਿਬ, ਰੋਡਵੇਜ ਜਲੰਧਰ-2 ਜੀ ਦੇ ਧਿਆਨ ਵਿੱਚ ਲਿਆ ਕੇ ਬੇਨਤੀ ਕੀਤੀ ਕਿ ਇਹਨਾਂ ਬੱਸਾਂ ਵਾਲੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਇਸ ਸੰਬੰਧੀ ਯੋਗ ਹੁਕਮ ਜਾਰੀ ਕੀਤੇ ਜਾਣ ਕੇ ਸਾਰੇ ਡਿਪੂਆਂ ਦੀਆਂ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਕਰਤਾਰਪੁਰ ਅੱਡੇ ਵਿੱਚ ਪੁਲ ਦੇ ਹੇਠਾਂ ਦੀ ਜਾਣ ਅਤੇ ਅੱਡੇ ਵਿੱਚ ਰੁੱਕ ਕੇ ਸਵਾਰੀਆਂ ਉਤਾਰਨ ਅਤੇ ਚੜਾਉਣ।
ਜਿਸ ਉਪਰੰਤ ਜਨਰਲ ਮੈਨੇਜਰ, ਜਲੰਧਰ-2 ਸ੍ਰੀ ਰਿਸ਼ੀ ਸ਼ਰਮਾ ਜੀ ਵੱਲੋਂ ਉਸੇ ਦਿਨ ਹੁਕਮ ਪੱਤਰ ਨੰਬਰ 873/ਵੈਲ:ਇੰਸ: ਮਿਤੀ 17-03-2022 ਜਾਰੀ ਕਰ ਦਿੱਤਾ ਗਿਆ ਹੈ। ਜਿਸ ਨਾਲ ਹੁਣ ਕਰਤਾਰਪੁਰ ਅੱਡੇ ਵਿੱਚੋਂ ਬੱਸ ਵਿੱਚ ਚੜ੍ਹਣ-ਉਤਰਣ ਵਾਲੀਆਂ ਸਵਾਰੀਆਂ ਨੂੰ ਰਾਹਤ ਮਿਲੀ ਹੈ।