ਜਲੰਧਰ ਤੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਚੰਨੀ ਤੇ ਅਮਰ ਸਿੰਘ ਦੀਆਂ ਮੁਸ਼ਕਿਲਾਂ ਚ ਹੋਇਆ ਵਾਧਾ
ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ ਚੋਣਾਂ ਦੇ ਬਾਈਕਾਟ ਦਾ ਕੀਤਾ ਫੈਸਲਾ
ਡੈਨੀ ਬੰਡਾਲਾ ਨੂੰ ਭਾਈਚਾਰੇ ਦੇ ਆਗੂਆਂ ਨੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਦਿੱਤਾ ਮੰਗ ਪੱਤਰ
ਜੰਡਿਆਲਾ ਗੁਰੂ 20 ਅਪ੍ਰੈਲ (ਦਵਿੰਦਰ ਸਿੰਘ ਸਹੋਤਾ) : ਪੰਜਾਬ ਦੀ ਪਾਕ ਧਰਤੀ ਦੇ ਵਸਨੀਕ ਮਜਹਬੀ ਸਿੱਖ ਭਾਈਚਾਰੇ ਦੁਆਰਾ ਪਿਛਲੇ ਲੰਮੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸੰਤਾਪ ਹੰਡਾਇਆ ਜਾ ਰਿਹਾ ਹੈ ਆਪਣੀਆਂ ਪਰੇਸ਼ਾਨੀਆਂ ਸਬੰਧੀ ਅਜੀਤ ਨੂੰ ਉਕਤ ਭਾਈਚਾਰੇ ਦੇ ਸੰਘਰਸ਼ੀਲ ਆਗੂਆਂ ਨੇ ਦੱਸਿਆ ਕਿ ਵਾਲਮੀਕ ਮਜਬੀ ਸਿੱਖ ਭਾਈਚਾਰਾ ਪੰਜਾਬ ਇਸ ਵੇਲੇ ਆਪਣੇ ਸਮਾਜ ਦੇ ਬੱਚਿਆਂ ਦੇ ਉੱਜਵਲ ਭਵਿੱਖ ਸਬੰਧੀ ਅਤੇ ਆਪਣੇ ਸਮਾਜ ਦੀ ਹੋਂਦ ਨੂੰ ਬਚਾਉਣ ਲਈ 12.5% ਕੋਟੇ ਦੀ ਲੜਾਈ ਲੜ ਰਹੇ ਹਾਂ । ਭਾਈਚਾਰੇ ਦੇ ਆਗੂਆਂ ਨੇ ਹੋਰ ਦੱਸਿਆ ਕਿ ਅਤੀਤ ਚ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਸਾਡੇ ਮਜਹਬੀ ਵਾਲਮੀਕ ਭਾਈਚਾਰੇ ਨੂੰ 12.5% ਸਰਕਾਰੀ ਨੌਕਰੀਆਂ ਵਿੱਚ ਰਾਖਵਾ ਕਰਨ ਦਿੱਤਾ ਗਿਆ ਸੀ। ਜਿਸ ਕਰਕੇ ਸਾਡਾ ਭਾਈਚਾਰਾ ਕਾਂਗਰਸ ਪਾਰਟੀ ਦਾ ਹਮੇਸ਼ਾ ਹਤੈਸ਼ੀ ਤੇ ਧੰਨਵਾਦੀ ਹੈ।ਅੱਜ ਜੰਡਿਆਲਾ ਗੁਰੂ ਵਿਖੇ ਮਜਹਬੀ ਸਿੱਖ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸਿਰਮੌਰ ਆਗੂਆਂ ਵੱਲੋਂ ਸਮਾਜ ਨੂੰ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਦੇ ਵੱਡੇ ਅਹੁਦਿਆਂ ਨੂੰ ਹੰਡਾਉਣ ਵਾਲੇ ਦਿਗਜ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਇਕ ਮੰਗ ਪੱਤਰ ਦਿੰਦਿਆਂ ਜਾਗਰੂਕ ਕਰਵਾਇਆ ਕਿ ਸਾਡੀ ਭਾਈਚਾਰੇ ਦੇ 12.5% ਜੋ ਕਿ 25% ਰਿਜਰਵੇਸ਼ਨ ਵਿੱਚੋਂ ਮਿਲਿਆ ਹੈ ਇਸ ਕੋਟੇ ਨੂੰ ਵੀ ਖਤਮ ਕਰਨ ਲਈ ਐਸ.ਸੀ ਭਾਈਚਾਰੇ ਦੀ ਇੱਕ ਜਥੇਬੰਦੀ ਵੱਲੋਂ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਜੋ ਸੁਣਵਾਈ ਅਧੀਨ ਹੈ ਜਿਸ ਕਰਕੇ ਵਾਲਮੀਕ ਮਜਹਬੀ ਸਿੱਖ ਭਾਈਚਾਰੇ ਦੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈਣ ਜਾ ਰਿਹਾ ਹੈ ਇਸ ਕਰਕੇ ਸਾਡੇ ਸਮਾਜ ਦੁਆਰਾ ਇੱਕ ਮੁੱਠ ਹੋ ਕੇ ਬਹੁਤ ਹੀ ਅਹਿਮ ਫੈਸਲਾ ਕੀਤਾ ਗਿਆ ਹੈ ਕਿ ਐਸਸੀ ਭਾਈਚਾਰੇ ਦਾ ਜਲੰਧਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਫਤਿਹਗੜ੍ਹ ਸਾਹਿਬ ਅਮਰ ਸਿੰਘ ਦਾ ਮਜਹਬੀ ਸਿੱਖ ਭਾਈਚਾਰੇ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਨਾਲ ਚਰਨਜੀਤ ਸਿੰਘ ਚੰਨੀ ਤੇ ਅਮਰ ਸਿੰਘ ਦੀਆਂ ਮੁਸ਼ਕਲਾਂ ਚ ਭਾਰੀ ਵਾਧਾ ਹੋਵੇਗਾ ਕਿਉਂਕਿ ਇਹਨਾਂ ਲੋਕ ਸਭਾ ਹਲਕਿਆਂ ਚ ਵਾਲਮੀਕ ਭਾਈਚਾਰੇ ਦੀ ਹੋਂਦ ਇਸ ਹੱਦ ਤੱਕ ਹੈ ਕਿ ਚੋਣ ਨਤੀਜਿਆਂ ਚ ਫੇਰ ਬਦਲ ਕਰਨ ਦੀ ਸਮੱਰਥਾ ਰੱਖਦੇ ਹਨ । ਉਹਨਾਂ ਨੇ ਕਿਹਾ ਕਿ ਉਤਮ ਉਮੀਦਵਾਰਾਂ ਨੂੰ ਸਾਡੇ ਭਾਈਚਾਰੇ ਵੱਲੋਂ ਆਪਣੀ ਮੁਸ਼ਕਲ ਸਬੰਧੀ ਜਾਗਰੂਕ ਕਰਵਾਇਆ ਗਿਆ ਹੈ ਪਰੰਤੂ ਜੇਕਰ ਸਾਡੀ ਮੰਗ ਨੂੰ ਪੂਰਾ ਕਰਨ ਲਈ ਤੁਰੰਤ ਹੀ ਕੋਈ ਠੋਸ ਕਦਮ ਨਾ ਚੁਕਿਆ ਗਿਆ ਤਾਂ ਇਹਨਾਂ ਆਗੂਆਂ ਦਾ ਚੋਣਾਂ ਚ ਬਾਈਕਾਟ ਦੇ ਨਾਲ ਨਾਲ ਸੜਕਾਂ ਤੇ ਉਤਰ ਕੇ ਵਿਰੋਧ ਕਰਨ ਲਈ ਮਜਬੂਰ ਹੋਵਾਂਗੇ । ਮੰਗ ਪੱਤਰ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਉਹ ਇਸ ਭਾਈਚਾਰੇ ਦੀ ਮੁਸ਼ਕਿਲ ਸਬੰਧੀ ਪੂਰੀ ਸੰਜੀਦਗੀ ਨਾਲ ਕਾਂਗਰਸ ਹਾਈ ਕਮਾਂਡ ਨੂੰ ਜਾਗਰੂਕ ਕਰਵਾਉਣਗੇ । ਇਸ ਮੌਕੇ ਸਾਹਬ ਸਿੰਘ ਛਜਲਵੱਡੀ, ਜਸਵਿੰਦਰ ਸਿੰਘ ਸ਼ੇਰਗਿਲ ,ਬਲਜੀਤ ਸਿੰਘ ਭੱਟੀ ,ਹਰਜਿੰਦਰ ਸਿੰਘ ਰਾਏਪੁਰ, ਹਰਮਨਜੀਤ ਸਿੰਘ ਸਠਿਆਲਾ,ਸਾਬੀ ਕੋਟਲਾ , ਮੱਲੀ ਆਦਿ ਆਗੂ ਹਾਜ਼ਰ ਸਨ ।