ਜਲੰਧਰ, 13 ਅਕਤੂਬਰ (ਕਬੀਰ ਸੌਂਧੀ) : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੁਰਜੀਤ ਠਾਕੁਰ ਪੁੱਤਰ ਵੀਰ ਸਿੰਘ, ਥਾਣਾ ਨੰ. 15 ਭੁਪਿੰਦਰ ਨਗਰ, ਮਕਸੂਦਾਂ, ਜਲੰਧਰ ਜੋ ਕਿ ਸਬਜੀ ਮੰਡੀ ਮਕਸੂਦਾਂ ਵਿਖੇ ਕੰਮ ਕਰਦਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 31.08.2024 ਨੂੰ ਦੁਪਹਿਰ 2 ਵਜੇ ਦੇ ਕਰੀਬ ਦੁਕਾਨ ਦੀ ਨਗਦੀ ਰੁਪਏ ਲੈ ਕੇ ਜਾ ਰਿਹਾ ਸੀ।
ਉਸ ਦੇ ਐਕਟਿਵਾ ਸਕੂਟਰ ‘ਤੇ ਇਕ ਬੈਗ ਵਿਚ 40,000 ਰੁਪਏ ਅਤੇ ਖਾਤਾ ਬੁੱਕ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਮਾਲਕ ਪਟੇਲ ਨਗਰ ਵੱਲ ਨੂੰ ਜਾ ਰਹੇ ਸਨ ਤਾਂ ਤਿੰਨ ਅਣਪਛਾਤੇ ਵਿਅਕਤੀ ਵਾਹਨਾਂ ‘ਤੇ ਆਏ ਅਤੇ ਇਕ ਵਿਅਕਤੀ ਨੇ ਉਸ ਨੂੰ ਪਿਸਤੌਲ ਦਿਖਾ ਕੇ 40,000 ਲੁੱਟ ਲਏ। । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਐਫਆਈਆਰ ਨੰਬਰ 126 ਮਿਤੀ 31.08.2024 ਅਧੀਨ 309(4), 3(5) ਬੀਐਨਐਸ, ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਖੇ ਦਰਜ ਕੀਤੀ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਰਾਮ ਜਾਨਕੀ ਨਗਰ ਨੇੜੇ ਸ਼ੀਤਲ ਨਗਰ ਮਕਸੂਦਾਂ, ਜਲੰਧਰ ਵਿਖੇ ਛਾਪੇਮਾਰੀ ਕੀਤੀ ਗਈ ਜਿੱਥੋਂ ਇੱਕ ਦੋਸ਼ੀ ਪੰਕਜ ਪੁੱਤਰ ਸੁਕਰਦਾਸ ਵਾਸੀ ਮਕਾਨ ਨੰਬਰ 12, ਰਾਮ ਜਾਨਕੀ ਨਗਰ ਨੇੜੇ ਸ਼ੀਤਲ ਨਗਰ ਮਕਸੂਦਾਂ, ਜਲੰਧਰ, ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 315 ਬੋਰ ਦਾ ਇਕ ਦੇਸੀ ਕੱਟਾ ਸਮੇਤ 2 ਜਿੰਦਾ ਰੌਂਦ ਸਮੇਤ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਸਮੇਂ ਪੰਕਜ ਦਾ ਸਾਥੀ ਆਸ਼ੂ ਫਰਾਰ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।