
ਜਲੰਧਰ, 15 ਫਰਵਰੀ (ਕਬੀਰ ਸੌਂਧੀ) : ਨਸ਼ਾ ਤਸ਼ਕਰੀ ਨੂੰ ਰੋਕਣ ਵਿੱਚ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 5 ਵਿਅਕਤੀਆਂ ਨੂੰ ਕਾਬੂ ਕਰਦਿਆਂ ਉਨਾਂ ਪਾਸੋਂ 303 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਗ੍ਰਿਫ਼ਤਾਰੀਆਂ ਪੁਲਿਸ ਦੇ ਸਪੈਸ਼ਲ ਸੈਲ ਵਲੋਂ ਚਲਾਏ ਗਏ ਵਿਸ਼ੇਸ਼ ਓਪਰੇਸ਼ਨ ਦੌਰਾਨ ਕੀਤੀਆਂ ਗਈਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਨੇ ਦੱਸਿਆ ਕਿ 11 ਫਰਵਰੀ 2025 ਨੂੰ ਭਗਵਾਨ ਵਾਲਮੀਕਿ ਗੇਟ ਨੇੜੇ ਪੁਲਿਸ ਅਧਿਕਾਰੀਆਂ ਵਲੋਂ ਗਸ਼ਤ ਦੌਰਾਨ ਦੋ ਵਿਅਕਤੀ ਅਤੇ ਇਕ ਔਰਤ ਨੂੰ ਸ਼ੱਕੀ ਗਤੀਵਿਧੀਆਂ ਕਰਦਿਆਂ ਦੇਖਿਆ ਗਿਆ। ਉਨ੍ਹਾਂ ਵਿਚੋਂ ਇਕ ਨੇ ਕਾਲੇ ਰੰਗ ਦਾ ਪਲਾਸਟਿਕ ਲਿਫ਼ਾਫਾ ਫੜਿਆ ਹੋਇਆ ਸੀ, ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਲਿਫ਼ਾਫੇ ਵਿਚੋਂ 30 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੇ ਅਧਾਰ ’ਤੇ ਪੁਲਿਸ ਸਟੇਸ਼ਨ ਨੰਬਰ 2, ਜਲੰਧਰ ਵਿਖੇ ਐਨ.ਡੀ.ਪੀ.ਐਸ.ਐਕਟ ਦੀ ਧਾਰਾ 21,61 ਅਤੇ 85 ਤਹਿਤ ਐਫ.ਆਈ.ਆਰ.ਨਬੰਰ 17 ਦਰਜ ਕੀਤੀ ਗਈ।
ਸ਼ਖਤੀ ਨਾਲ ਪੁਛਗਿੱਛ ਕਰਨ ’ਤੇ ਰਾਧਿਕਾ ਉਰਫ਼ ਪਿੰਕੀ ਨੇ ਮੰਨਿਆਂ ਕਿ ਉਹ ਵੱਡੇ ਪੱਧਰ ਤੇ ਡਰੱਗ ਦੇ ਨੈਟਵਰਕ ਨਾਲ ਜੁੜੀ ਹੋਈ ਹੈ। ਉਸ ਵਲੋਂ ਮਿਲੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਬਿਧੀਪੁਰ ਫਾਟਕ ਨੇੜੇ ਲੁਕਾਕੇ ਰੱਖੀ 273 ਗਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ ਅਤੇ ਐਫ.ਆਈ.ਆਰ. ਵਿੱਚ ਧਾਰਾ 29 ਜੋੜੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਹੋਰ ਦੋ ਦੋਸ਼ੀਆਂ ਬਾਰੇ ਖੁਲਾਸ ਹੋਇਆ ਹੈ ਤੇ ਉਨਾਂ ਪਾਸੋਂ ਵੀ ਹੈਰੋਇਨ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਲਾਂ ਤਨਿਸ਼ ਕੁਮਾਰ ਉਰਫ਼ ਤੰਨੂੰ (ਜਲੰਧਰ), ਭਾਰਤ ਉਰਫ਼ ਸ਼ਨੂੰ (ਅੰਮ੍ਰਿਤਸਰ),ਰਾਧਿਕਾ ਉਰਫ਼ ਪਿੰਕੀ (ਜਲੰਧਰ), ਦਿਨੇਸ਼ ਕੁਮਾਰ (ਜਲੰਧਰ) ਅਤੇ ਦੀਪਕ ਉਰਫ਼ ਕਰੇਲਾ (ਜਲੰਧਰ) ਵਜੋਂ ਹੋਈ ਹੈ। ਕਮਿਸ਼ਨਰ ਪੁਲਿਸ ਨੇ ਅਗੇ ਦੱਸਿਆ ਕਿ ਪੁਲਿਸ ਵਲੋਂ ਹੁਣ ਤੱਕ 303 ਗ੍ਰਾਮ ਹੈਰੋਇਨ, ਇਕ ਛੋਟੀ ਭਾਰ ਤੋਲਣ ਵਾਲੀ ਮਸ਼ੀਨ ਅਤੇ 10 ਛੋਟੇ ਪਲਾਸਟਿਕ ਦੇ ਲਿਫ਼ਾਫੇ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਵਧੇਰੇ ਪੁਛਗਿਛ ਲਈ ਰਿਮਾਂਡ ’ਤੇ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਰਾਧਿਕਾ ਉਰਫ਼ ਪਿੰਕੀ ਇਸ ਤੋਂ ਪਹਿਲਾਂ ਵੀ ਐਫ.ਆਈ.ਆਰ.ਨੰਬਰ 58 ਮਿਤੀ 04-07-2023 ਵਿੱਚ ਨਾਮਜ਼ਦ ਹੈ।
ਕਮਿਸ਼ਨਰ ਪੁਲਿਸ ਵਲੋਂ ਜਲੰਧਰ ਵਿਖੇ ਨਸ਼ਾਖੋਰੀ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੱਸਿਆ ਕਿ ਵੱਡੇ ਪੱਧਰ ’ਤੇ ਡਰੱਗ ਨੈਟਵਰਕ ਦਾ ਪਰਦਾਫਾਸ਼ ਕਰਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜਾਂਚ ਜਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਮੁਕਤ ਸਮਾਜ ਨੂੰ ਯਕੀਨੀ ਬਣਾਉਣ ਲਈ ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਧਿਆਨ ਵਿੱਚ ਆਉਂਦੀ ਹੈ ਤਾਂ ਉਸ ਸਬੰਧੀ ਤੁਰੰਤ ਇਤਲਾਹ ਦਿੱਤੀ ਜਾਵੇ।