ਚੋਹਲਾ ਸਾਹਿਬ/ਤਰਨਤਾਰਨ, 11 ਜੂਨ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼ੁੱਕਰਵਾਰ ਨੂੰ ਆਪਣੇ ਗ੍ਰਹਿ ਪਿੰਡ ਬ੍ਰਹਮਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਵ-ਨਿਯੁਕਤ ਅਹੇਦਾਰਾਂ ਜਿਨਾ ਵਿੱਚ ਸ਼੍ਰੋਮਣੀ ਕਮੇਟੀ ਮੈਬਰ ਬਲਵਿੰਦਰ ਸਿੰਘ ਵੇਈਂ ਪੂਈਂ (ਉੱਪ-ਪ੍ਰਧਾਨ),ਸਾਬਕਾ ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਬਲਬੀਰ ਸਿੰਘ ਸੁਰਸਿੰਘ (ਉੱਪ-ਪ੍ਰਧਾਨ),ਸਤਨਾਮ ਸਿੰਘ ਚੋਹਲਾ ਸਾਹਿਬ (ਸਕੱਤਰ),ਸਾਬਕਾ ਡੀਐਸਪੀ ਰਤਨ ਸਿੰਘ ਪੱਖੋਕੇ (ਸਕੱਤਰ),ਮਾਸਟਰ ਗੁਰਨਾਮ ਸਿੰਘ ਧੁੰਨ ਢਾਏ ਵਾਲਾ (ਵਰਕਿੰਰ ਕਮੇਟੀ ਮੈਬਰ), ਸਾਬਕਾ ਡੀਐਸਪੀ ਕੁਲਦੀਪ ਸਿੰਘ ਜਾਮਾਰਾਏ (ਵਰਕਿੰਗ ਕਮੇਟੀ ਮੈਂਬਰ ) ਸਾਮਲ ਸਨ,ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ, ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਲ ਚ ਸ਼ਾਮਲ ਹੋਏ ਅਹੁਦੇਦਾਰਾਂ,ਵਰਕਰਾਂ,ਤੇ ਮੈਂਬਰਾਂ ਨੂੰ ਕਿਹਾ ਕਿ ਇਹ ਨਿਯੁਕਤੀਆਂ ਸਿਰਫ ਤੁਹਾਨੂੰ ਤੁਹਾਡੀਆਂ ਜੁੰਮੇਵਾਰੀਆਂ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਕੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦਾ ਪੰਜਾਬ ਚ ਚੌਥਾ ਥੰਮ ਬਣਾਇਆ ਜਾਵੇ।
ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ,ਪੀਰਾਂ-ਪਗੰਬਰਾਂ,ਸੂਰਬੀਰਾਂ,ਸ਼ਹੀਦਾਂ,ਯੋਧਿਆਂ ਦੀ ਧਰਤੀ ਹੈ।ਵਿਸ਼ਵ ਭਰ ‘ਚ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਬੋਲਬਾਲਾ ਹੈ ਜੋ ਬਿਨਾ ਕਿਸੇ ਸੁਆਰਥ ਦੇ ਲੋਕਾਂ ਦੀ ਮੱਦਦ ਲਈ ਅੱਗੇ ਆਂਉਦੇ ਹਨ ਪਰ ਪਰਖੀਆਂ ਪਾਰਟੀਆਂ ਨੇ ਪੰਜਾਬ ਨੂੰ ਖੋਰਾ ਲਾ ਦਿੱਤਾ ਹੈ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲਾਂ ਦੇ ਰਾਜ ਚ ਹੋਈਆਂ,ਸਿੱਟਾਂ ਬੈਠਾਈਆਂ ਗਈਆਂ,ਕਈ ਕਮਿਸ਼ਨ ਬਣਾਏ,ਬੇਅਦਬੀ ਤੋ ਬਾਅਦ ਵੀ 2 ਸਾਲ ਬਾਦਲ ਸਰਕਾਰ ਰਹੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੂੰ ਵੀ 5 ਸਾਲ ਪੂਰੇ ਹੋਣ ਵਾਲੇ ਹਨ ਪਰ ਸਿੱਖ ਕੌਮ ਨੂੰ ਇਨਸਾਫ ਨਹੀ ਮਿਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਚ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਮੈਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਵਾਂਵਾਂਗਾ,ਨਸ਼ਿਆ ਦਾ ਕੋਹੜ ਖਤਮ ਕਰੂੰ,ਘਰ-ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਆਦਿ ।ਪਰ ਬਹੁਤ ਮੰਦਭਾਗੀ ਗੱਲ ਹੈ ਕਿ ਨਾਂ ਤਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲੀਆ ਅਤੇ ਨਸ਼ਿਆਂ ਦਾ ਦੌਰ ਪਹਿਲਾ ਨਾਲੋਂ ਜਿਆਦਾ ਵੱਧ ਗਿਆ ਹੈ,ਨੌਜੁਆਨੀ ਸਾਡੀ ਬਾਹਰਲੇ ਮੁਲਕਾਂ ਚ ਭੱਜ ਰਹੀ ਹੈ,ਨੌਕਰੀਆਂ ਹੈ ਨਹੀਂ।ਗੁੰੰਡਾਗਰਦੀ,ਮਾਫੀਆ ਸਿਸਟਮ ਪੰਜਾਬ ਚ ਪੂਰੀ ਤਰਾ ਹਾਵੀ ਹੋਇਆ ਪਿਆ ਹੈ।ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਪੰਜਾਬ ਨੂੰ ਬਾਦਲਾਂ,ਕੈਪਟਨ ਤੋਂ ਬਚਾਉਣ ਲਈ ਪੰਜਾਬ ਦੀ ਅਵਾਮ ਤੋਂ ਸਾਥ ਮੰਗਦਾ ਹੈ। ਜੇਕਰ ਆਪਾਂ ਆਪਣੇ ਸੂਬੇ ਨੂੰ ਉਕਤ ਸਿਆਸਤਦਾਨਾਂ ਤੋ ਨਾ ਬਚਾ ਸਕੇ ਤਾਂ ਸਾਨੂੰ ਇਤਹਿਾਸ ਕਦੇ ਵੀ ਮੁਆਫ ਨਹੀ ਕਰੇਗਾ।ਇਸ ਲਈ ਸਾਨੂੰ ਇਕਜੁਟਤਾ ਦਿਖਾ ਕੇ ਪੰਜਾਬ ਚ ਚੌਥਾ ਫਰੰਟ ਬਣਾਉਣ ਦੀ ਲੋੜ ਹੈ।
ਜਥੇਦਾਰ ਬ੍ਰਹਮਪੁਰਾ ਨੇ ਮੋਦੀ ਸਰਕਾਰ ਦੀ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਘਟੀਆ ਸੋਚ ਤੇ ਬੇਹੱਦ ਚਿੰਤਾ ਪ੍ਰਗਟਾਈ ਕਿ ਉਹ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ।ਆਪਣੇ ਹੀ ਦੇਸ਼ ਦੇ ਅੰਨਦਾਤੇ ਨਾਲ ਕੌਣ ਅਜਿਹਾ ਵਰਤਾਅ ਕਰਦਾ ਹੈ ਜਿਵੇ ਮੋਦੀ ਸਰਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਹਨ, ਪਿਛਲੇ 7 ਮਹੀਨਿਆਂ ਤੋਂ ਕਹਿਰ ਦੀ ਸਰਦੀ,ਝੱਖੜ, ਮੀਂਹ,ਘਰ ਤੋਂ ਦੂਰ ਰਹਿ ਕੇ ਸੜਕਾਂ ‘ਤੇ ਦਿਨ-ਰਾਤ ਬਤੀਤ ਕਰ ਰਹੇ ਹਨ।ਉਨਾ ਮੋਦੀ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਚ ਕਿਹਾ ਲੋਕਤੰਤਰੀ ਮੁਲਕਾਂ ਚ ਸਰਕਾਰਾਂ ਲੋਕਾਂ ਦੇ ਵਿਸ਼ਵਾਸ਼ ‘ਚ ਚੱਲਦੀਆਂ ਹਨ ਪਰ ਉਕਤ ਹੁਕਮਰਾਨ ਨੇ ਦੇਸ਼ ਦੀ ਜਨਤਾ ਦਾ ਵਿਸ਼ਵਾਸ਼ ਗੁਆ ਲਿਆ ਹੈ ਤੇ ਹੁਣ ਲੋਕ ਕਦੇ ਵੀ ਮੋਦੀ ਨੂੰ ਸੱਤਾ ਤੇ ਨਹੀਂ ਬਿਠਾਉਣੇ।ਇਸ ਮੌਕੇ ਸਾਬਕਾ ਐਮਐਲਏ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਚ ਸ਼ਾਮਲ ਹੋੋਣ। ਇਸ ਮੌਕੇ ਸੀਨੀਅਰ ਯੂਥ ਆਗੂ ਜਗਜੀਤ ਸਿੰਘ ਜੱਗੀ ਚੋਹਲਾ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ, ਸਤਨਾਮ ਸਿੰਘ ਕਰਮੂੰਵਾਲਾ,ਜੋਤਾ ਸਿੰਘ ਸਾਬਕਾ ਸਰਪੰਚ ਧੁੰਨ ਢਾਏ ਵਾਲਾ, ਮਾਸਟਰ ਦਲਬੀਰ ਸਿੰਘ ਚੰਬਾ,ਗੁਰਵੇਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ,ਗੁਰਦੇਵ ਸਿੰਘ ਸ਼ਬਦੀ ਚੋਹਲਾ ਸਾਹਿਬ,ਜਤਿੰਦਰ ਸਿੰਘ ਚੋਹਲਾ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਚ ਵਰਕਰ ਸਾਹਿਬਾਨ ਹਾਜਰ ਸਨ।