ਜਲੰਧਰ, 01 ਜਨਵਰੀ (ਧਰਮਿੰਦਰ ਸੌਂਧੀ) :
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖਿਆ ਹੈ। ਅੱਜ ਪੱਤਰਕਾਰ ਸੰਮੇਲਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਦੀ ਭਰਤੀ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਗਿਆ ਸੀ, ਪਰ ਭਾਜਪਾ ਦੇ ਦਬਾਅ ਕਾਰਨ ਰਾਜਪਾਲ ਨੇ ਫਾਈਲ ਨੂੰ ਕਲੀਅਰ ਨਹੀਂ ਕੀਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 4 ਜਨਵਰੀ ਨੂੰ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਜਾਵੇਗਾ। ਕਾਂਸ਼ੀ ਰਾਮ ਦੇ ਨਾਂ ‘ਤੇ ਆਦਮਪੁਰ ‘ਚ ਕਾਲਜ ਖੋਲ੍ਹਿਆ ਜਾਵੇਗਾ। ਬਿਕਰਮ ਮਜੀਠੀਆ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਡੀਆਂ ਮੱਛੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਨਹੀਂ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ 20 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ।2 ਕਿਲੋਵਾਟ ਤੱਕ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ। ਪੰਜਾਬ ਵਿੱਚ ਰੇਤੇ ਦਾ ਰੇਟ ਸਾਢੇ ਪੰਜ ਰੁਪਏ ਕੀਤਾ ਗਿਆ।ਪੰਜਾਬ ਰੋਡਵੇਜ਼ ਵਿੱਚ 58 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ।ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਵੱਡੇ ਫੈਸਲੇ ਕੀਤੇ।ਲੋਕਾਂ ਨੂੰ ਪਾਣੀ ਦੇ ਬਿੱਲਾਂ ਤੋਂ ਰਾਹਤ ਦਿਵਾਈ।
ਉਨ੍ਹਾਂ ਨੇ ਦੁਬਾਰਾ ਸਰਕਾਰ ਆਉਣ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਐਲਾਨ ਕੀਤਾ। ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ। ਗੁਰਦੁਆਰੇ ‘ਚ ਬੇਅਦਬੀ ਦੀ ਕੋਸ਼ਿਸ਼ ਦੇ ਮਾਮਲੇ ‘ਚ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਖੁਦ ਜਾਂਚ ਕਰਨਾ ਚਾਹੁੰਦੀ ਹੈ। ਪਟਿਆਲਾ ਵਿੱਚ ਰਮਾਇਣ ਅਤੇ ਭਗਵਤ ਗੀਤਾ ਕੇਂਦਰ ਖੋਲ੍ਹੇ ਜਾ ਰਹੇ ਹਨ।ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ।ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਕਿਸਾਨ ਯਾਦਗਾਰਾਂ ਬਣਾਈਆਂ ਜਾਣਗੀਆਂ।
ਸਰਕਾਰ ਦੀਆਂ ਪਰਾਪਤੀਆਂ ਗਿਣਾਉ਼ਦੇ ਹੋਏ ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਰੱਦ ਕੀਤੇ ਗਏ।ਸਰਕਾਰੀ ਨੌਕਰੀਆਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ। ਸਰਕਾਰੀ ਕਾਲਜ ਦੇ ਵਿਦਿਆਰਥੀਆਂ ਲਈ ਬੱਸ ਯਾਤਰਾ ਮੁਫ਼ਤ।ਭਗਵਾਨ ਸੰਤ ਕਬੀਰ ਅਤੇ ਪਰਸ਼ੂਰਾਮ ਨੂੰ ਸਮਰਪਿਤ ਕੁਰਸੀ ਦੀ ਸਥਾਪਨਾ ਕੀਤੀ।ਮਲੇਰਕੋਟਲਾ ਵਿਖੇ ਹਜ ਹਾਊਸ ਸਥਾਪਿਤ ਕੀਤਾ ਜਾ ਰਿਹਾ ਹੈ।