ਜਲੰਧਰ 16 ਦਸੰਬਰ (ਅਮਨਦੀਪ ਸਿੰਘ ) : ਪੰਜਾਬ ਲੋਕ ਕਾਂਗਰਸ ਦੇ ਨੇਤਾ ਜਗਦੀਸ਼ ਜੱਸਲ ਆਦਮਪੁਰ ਨੇ ਕਾਂਗਰਸ ਪਾਰਟੀ ਹਾਈਕਮਾਂਡ ਵਲੋਂ ਜਾਰੀ ਚੋਣ ਕਮੇਟੀ ਲਿਸਟ ਨੂੰ ਸਵਾਲ ਕੀਤਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਜਿੱਥੇ ਹਰ ਪਾਰਟੀ ਨੇ ਆਪਣਾ ਸਿਆਸੀ ਪੈਂਤੜਾ ਖੇਡਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਕਾਂਗਰਸ ਨੇ ਵੀ ਆਪਣਾ ਅਸਲ ਚਿਹਰਾ ਅੱਗੇ ਲਿਆ ਕੇ ਰੱਖ ਦਿੱਤਾ ਹੈ। ਕੱਲ੍ਹ ਕਾਂਗਰਸ ਹਾਈਕਮਾਨ ਵਲੋਂ 53 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਚੋਣ ਕਮੇਟੀ ਦਾ ਚੇਅਰਮੈਨ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਗਿਆ ਹੈ। ਜੋ ਕਿ ਅਸਿੱਧੇ ਤੌਰ ਤੇ ਉਸਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਣਅਧਿਕਾਰਤ ਮੁੱਖ ਮੰਤਰੀ ਪੰਜਾਬ ਦਾ ਚਿਹਰਾ ਐਲਾਨ ਕਰ ਦਿੱਤਾ ਹੈ। ਇਸ ਨਾਲ਼ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਾਂਗਰਸ ਪਾਰਟੀ ਨੇ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤਾਂ ਦਾ ਮੋਢਾ ਵਰਤਿਆ ਹੈ? ਜੇਕਰ ਅਜਿਹਾ ਨਹੀਂ ਹੈ ਤਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਚਲਾਇਆ ਜਾ ਰਿਹਾ ਹੈ? ਕਿਉਂ ਹੁਣ ਸਿੱਧੂ ਨੂੰ ਸੁਪਰ ਪਾਵਰ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਤੇ ਪਾਰਟੀ ਨੂੰ ਪਹਿਲਾਂ ਹੀ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ। ਜਿਸ ਦੇ ਸੁਪਰ ਮੁੱਖ ਮੰਤਰੀ ਸ਼੍ਰੀ ਹਰੀਸ਼ ਚੌਧਰੀ ਜੀ ਹਨ ਜੋਕਿ ਪੱਕੇ ਤੌਰ ਤੇ ਚੰਡੀਗੜ੍ਹ ਵਿੱਚ ਰਹਿ ਕੇ ਸਰਕਾਰ ਅਤੇ ਪਾਰਟੀ ਨੂੰ ਚਲਾ ਰਹੇ ਹਨ।
ਜਗਦੀਸ਼ ਜੱਸਲ ਨੇ ਅੱਗੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਦਾ ਕੰਮ ਪਸੰਦ ਆਇਆ ਹੈ ਤਾਂ ਕਾਗਰਸ ਹਾਈਕਮਾਨ ਸਿੱਧੂ ਨੂੰ ਸਾਰੀ ਪਾਵਰ ਦੇ ਕੇ ਦਲਿਤਾਂ ਦੀਆਂ ਭਾਵਨਾਵਾਂ ਨਾਲ ਕਿਉਂ ਖਿਲਵਾੜ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਦਲਿਤਾਂ ਵਿਚ ਉਦੋ ਵੀ ਰੋਸ ਪਾਇਆ ਜਾਂਦਾ ਹੈ ਜਦੋਂ ਸੀਐਮ ਚੰਨੀ ਦੇ ਕੀਤੇ ਵਾਅਦਿਆਂ ਨੂੰ ਨਵਜੋਤ ਸਿੰਘ ਸਿੱਧੂ ਸਟੇਜ਼ ‘ਤੇ ਖੜ੍ਹ ਕੇ ਸਰਕਾਰ ਵੱਲੋਂ ਕੀਤੇ ਜਾਂਦੇ ਐਲਾਨ ਰੱਦ ਕਰਦਾ ਹੈ। ਇਹ ਤਾਂ ਉਹ ਗੱਲ ਹੈ ਕਿ ਪਿੰਡ ਦਾ ਸਰਪੰਚ ਰਾਮ ਆਸਰਾ ਤੇ ਸਰਪੰਚੀ ਕਰੇ ਜਸਵੰਤ ਸਿਓਂ।
ਉਹਨਾਂ ਕਾਂਗਰਸ ਪਾਰਟੀ ਹਾਈਕਮਾਂਡ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਦੁਆਬੇ ਵਿਚ ਦਲਿਤਾਂ ਦੀ ਵੋਟ ਬੈਂਕ ਬਾਕੀ ਬੈਲਟਾਂ ਨਾਲੋਂ ਵੱਧ ਹੈ। ਜੇਕਰ ਚਰਨਜੀਤ ਸਿੰਘ ਚੰਨੀ 2022 ਵਿਚ ਸੀ ਐਮ ਦਾ ਚਿਹਰਾ ਨਾ ਬਣਾਏ ਗਏ। ਤਾਂ ਪਾਰਟੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਦੁਆਬੇ ਦੇ ਦਲਿਤਾਂ ਸਮੇਤ ਪੰਜਾਬ ਦੀ 34 ਫੀਸਦੀ ਦਲਿਤ ਆਬਾਦੀ ਕਾਂਗਰਸ ਪਾਰਟੀ ਨੂੰ ਇਸ ਧੋਖੇਬਾਜ਼ੀ ਦੇ ਖਿਲਾਫ ਆਪਣੀਆਂ ਵੋਟਾਂ ਭੁਗਤ ਕੇ ਸਬਕ ਸਿਖਾਉਣ ਲਈ ਤਿਆਰ ਰਹੇਗੀ।
ਅੱਜ ਤੱਕ ਪੰਜਾਬ ਵਿਚ ਕੋਈ ਵੀ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਸੀ, ਪਰ ਜੇ ਬਣਾਇਆ ਗਿਆ ਤਾਂ ਉਸ ਨੂੰ ਅਤੇ ਉਸਦੇ ਭਾਈਚਾਰੇ ਦੇ ਲੋਕਾਂ ਨੂੰ ਵਰਤਿਆ ਜਾ ਰਿਹਾ ਹੈ। ਕਾਂਗਰਸ ਨੇ ਆਪਣਾ ਪੁਰਾਣਾ ਕੋਹੜ ਲ੍ਹਾਉਣ ਲਈ ਸੀਐਮ ਚੰਨੀ ਦਾ ਸਹਾਰਾ ਲਿਆ ਜਦੋਂ ਲੋਕਾਂ ਵਿਚ ਛਵੀਂ ਚੰਗੀ ਬਣਨ ਲੱਗੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ। ਜਗਦੀਸ਼ ਜੱਸਲ ਨੇ ਅੱਗੇ ਕਿਹਾ ਕਿ ਜੇਕਰ ਕਾਂਗਰਸ ਦਲਿਤਾਂ ਨਾਲ ਅਜਿਹਾ ਹੀ ਵਤੀਰਾ ਕਰਦੀ ਰਹੀ ਤਾਂ 2022 ਦੇ ਨਤੀਜੇ ਹੋਰ ਹੀ ਹੋਣਗੇ।
ਅਕਾਲੀ ਦਲ ਬਾਦਲ ਪਹਿਲਾਂ ਹੀ ਬੇਅਦਵੀ ਅਤੇ ਨਸ਼ੇ ਦੇ ਮੁੱਦੇ ਤੇ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ ਮੌਜੂਦਾ ਸਰਕਾਰ ਦੇ ਮੰਤਰੀ ਪਹਿਲਾਂ ਕਹਿੰਦੇ ਸਨ ਕਿ ਕਿਹੜਾ ਮੂੰਹ ਲੈ ਕੇ ਜਨਤਾ ਵਿਚ ਜਾਵਾਂਗੇ ਇਸਨੂੰ ਮੁੱਖ ਰੱਖ ਕੇ ਕਰਨਾ ਸੰਕਟ ਦੇ ਦੌਰ ਵਿੱਚ ਵੀ ਪੰਜਾਬ ਦਾ ਸਰਵਪੱਖੀ ਵਿਕਾਸ ਕਰਨ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਹੁਣ ਮੌਜੂਦਾ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਗੋਂ ਕੁਰਸੀ ਦੀ ਲੜਾਈ ਲੜ ਰਹੇ ਸਨ ਤੇ ਜਨਤਾ ਦਾ ਧਿਆਨ ਅਸਲ ਮੁੱਦਿਆਂ ਭਟਕਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਸਨ। ਨਵਜੋਤ ਸਿੰਘ ਸਿੱਧੂ ਹੁਣ ਸੁਪਰ ਮੁੱਖ ਮੰਤਰੀ ਬਣ ਗਿਆ ਹੈ ਤੇ ਐਡਵੋਕੇਟ ਜਨਰਲ ਅਤੇ ਪਾਵਰਫੁੱਲ ਮਨਿਸਟਰੀ ਸਭ ਤੋਂ ਵੱਧ ਰੌਲਾ ਪਾਉਣ ਵਾਲਿਆਂ ਨੇ ਲਈ ਹੈ। ਹੁਣ ਫਿਰ ਵੀ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਮੂੰਹ ਨਾਲ ਜਨਤਾ ਵਿਚ ਵੋਟਾਂ ਮੰਗਣ ਜਾਣਗੇ। ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਜੀ ਵਿੱਚ ਦੁਬਾਰਾ ਭਰੋਸਾ ਕਰਕੇ ਪੰਜਾਬ ਲੋਕ ਕਾਂਗਰਸ ਅਤੇ ਭਾਈਵਾਲ ਪਾਰਟੀਆਂ ਦੀ ਸਰਕਾਰ ਬਣਾਏਗੀ।