ਜੰਡਿਆਲਾ ਗੁਰੂ, 07 ਜਨਵਰੀ (ਕੰਵਲਜੀਤ ਸਿੰਘ ਲਾਡੀ) : ਸਬ ਡਵੀਜਨ ਜੰਡਿਆਲਾ ਗੁਰੂ ਦੇ ਡੀ.ਐਸ.ਪੀ ਸੁਖਵਿੰਦਰਪਾਲ ਸਿੰਘ ਨੂੰ ਦਿੱਤੀ ਦਰਖ਼ਾਸਤ ਵਿੱਚ ਮਨਦੀਪ ਕੌਰ ਵਾਸੀ ਨੇੜੇ ਗੁਰਦੁਆਰਾ ਮੱਲ੍ਹੀਆਣਾ ਸਾਹਿਬ ਜੰਡਿਆਲਾ ਗੁਰੂ ਨੇ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ ਕਰੀਬ ਤਿੰਨ ਵਜੇ ਮੇਰੀ ਪੋਤਰੀ ਪ੍ਰਿਆ ਕੌਰ ਦਾ ਮਿਊਜ਼ਿਕ ਟੀਚਰ ਮਾਸਟਰ ਦੀਪਕਪਾਲ ਸਿੰਘ ਸਾਡੇ ਘਰ ਹਾਰਮੋਨੀਅਮ ਠੀਕ ਕਰਨ ਆਇਆ ਸੀ। ਇਸ ਦੌਰਾਨ ਪੰਜ ਦਸ ਮਿੰਟਾਂ ਬਾਅਦ ਹੀ ਚਾਰ ਪੰਜ ਲੜਕਿਆਂ ਨੇ ਸਾਡੇ ਘਰ ਅੰਦਰ ਵੜ ਕੇ ਬਿਨਾ ਕੋਈ ਗੱਲਬਾਤ ਕਰਦੇ ਹੋਏ ਉਸਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁਰਸਿੱਖ ਦੀਪਕਪਾਲ ਸਿੰਘ ਨੂੰ ਥੱਲੇ ਸੁੱਟ ਕੇ ਲੱਤਾਂ ਨਾਲ ਕੁੱਟਦੇ ਰਹੇ। ਇਸ ਦੌਰਾਨ ਦੀਪਕਪਾਲ ਸਿੰਘ ਦੀ ਪਗੜੀ ਆਪਣੇ ਪੈਰਾਂ ਨਾਲ ਰੋਲਦੇ ਰਹੇ ਅਤੇ ਗੰਦੀਆਂ ਗਾਲ੍ਹਾਂ ਕੱਢਨੀਆ ਸ਼ੁਰੂ ਕਰ ਦਿੱਤੀਆਂ। ਹਾਲਾਤ ਨੂੰ ਸਮਝਦੇ ਹੋਏ ਮੇਰੀ ਪੋਤਰੀ ਪ੍ਰਿਆ ਕੌਰ, ਉਸਦੀ ਮਾਂ ਕੰਵਲ ਅਤੇ ਮੈਂ ਬਾਹਰ ਗਲੀ ਵਿੱਚ ਜ਼ਾ ਕੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਉਹਨਾਂ ਲੜਕਿਆਂ ਨੂੰ ਘਰੋਂ ਭਜਾਇਆ।
ਮਿਊਜਿਕ ਅਧਿਆਪਕ ਦੀਪਕਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਲੜਕਾ ਗੌਰਵ (ਨਵੀ) ਗਲੀ ਭਗਤਾਂ ਵਾਲੀ ਛੱਤਾ ਬਾਜ਼ਾਰ ਦਾ ਰਹਿਣ ਵਾਲਾ ਸੀ ਜੋ ਕਿ ਆਪਣੇ ਦੋਸਤਾਂ ਨਾਲ ਆਇਆ ਸੀ। ਦਰਖਾਸਤ ਕਰਤਾ ਮਨਦੀਪ ਕੌਰ ਨੇ ਦੱਸਿਆ ਕਿ ਅਸੀਂ ਦੀਪਕਪਾਲ ਸਿੰਘ ਨੂੰ ਤੁਰੰਤ ਡਾਕਟਰ ਨੂੰ ਦਿਖਾਇਆ ਅਤੇ ਦਵਾਈ ਲੈ ਕੇ ਦਿੱਤੀ। ਮਨਦੀਪ ਕੌਰ ਅਤੇ ਦੀਪਕਪਾਲ ਸਿੰਘ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਘਿਣਾਉਣੀ ਘਟਣਾ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਜਦੋਂ ਜੰਡਿਆਲਾ ਡੀ ਐੱਸ ਪੀ ਸੁਖਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾ ਓਹਨਾ ਨੇ ਕਿਹਾ ਉਪਰੋਕਤ ਲੜਕੇ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਓਹ ਘਰੋਂ ਫਰਾਰ ਹੈ ਜਲਦੀ ਹੀ ਬਿਆਨਕਰਤਾ ਮਨਦੀਪ ਕੌਰ ਅਤੇ ਮੁਹੱਲਾ ਵਾਸੀਆਂ ਦੇ ਬਿਆਨਾ ਦੇ ਆਧਾਰ ਤੇ ਮੁਜਰਮਾਂ ਦੇ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।