ਗਿੱਦੜਬਾਹਾ, 18 ਮਈ (ਬਿਊਰੋ) : ਗਿੱਦੜਬਾਹਾ ਵਿਖੇ ਸਥਿਤ ਡੇਰਾ ਸਿੱਧ ਬਾਬਾ ਗੰਗਾ ਰਾਮ ਜੀ ਵਿਖੇ ਗੈਸ ਸਿਲੰਡਰ ਫਟਣ ਨਾਲ 7 ਵਿਅਕਤੀ ਬੁੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਤੇ ਦੀਪ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਹਰ ਸਾਲ ਦੀ ਤਰ੍ਹਾਂ 23 ਮਈ ਨੂੰ ਬਾਬਾ ਗੰਗਾ ਰਾਮ ਜੀ ਦੀ ਬਰਸੀ ਮਨਾਈ ਜਾਂਦੀ ਹੈ ਤੇ ਬਰਸੀ ਤੋਂ ਇਕ ਹਫਤਾ ਪਹਿਲਾ ਸ੍ਰੀਮਦ ਭਾਗਵਤ ਕਥਾ ਦਾ ਆਰੰਭ ਹੋ ਜਾਂਦਾ ਹੈ। ਇਸ ਦੌਰਾਨ ਡੇਰੇ ਵਿਖੇ ਸ਼ਰਧਾਲੂਆਂ ਲਈ ਲਗਾਤਰ ਲੰਗਰ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਅੱਜ ਵੀ ਡੇਰੇ ਦੇ ਧੂਣੇ ਵਾਲੇ ਪਾਸੇ ਸਥਿਤ ਲੰਗਰ ਹਾਲ ’ਚ ਸਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਗੈਸ ਭੱਠੀਆਂ ਦੇ ਨਜ਼ਦੀਕ ਅੱਗ ਲੱਗ ਗਈੇ। ਇਸ ਦੌਰਾਨ ਇਕ ਸਿਲੰਡਰ ਫਟ ਗਿਆ ਜਿਸ ਨਾਲ ਅੱਗ ਹੋਰ ਵੀ ਤੇਜ਼ੀ ਨਾਲ ਵੱਧਣੀ ਸ਼ੁਰੂ ਹੋ ਗਈ।
ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਡੇਰੇ ਦੇ ਬਿਲਕੁਲ ਕਰੀਬ ਸਥਿਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿੰਨਾਂ ਨੇ ਲੋਕਾਂ ਦੀ ਮਦਦ ਦੀ ਨਾਲ ਮੌਕੇ ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ ਤੇ ਘਟਨਾ ਵਾਲੀ ਜਗ੍ਹਾ ’ਤੇ ਪਏ ਹੋਰ ਸਿਲੰਡਰ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਘਟਨਾ ’ਚ ਡੇਰੇ ਦੇ 7 ਸੇਵਾਦਾਰ ਬੁਰੀ ਤਰ੍ਹਾਂ ਝੁਲਸ ਗਏ ਜਿੰਨਾਂ ਨੂੰ ਤੁਰੰਤ ਇਲਾਜ ਲਈ ਡਾ. ਰਾਜੀਵ ਜੈਨ ਦੇ ਹਸਪਤਾਲ ਤੇ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ। ਡਾ. ਰਾਜੀਵ ਜੈਨ ਨੇ ਦੱਸਿਆ ਕਿ ਪੀੜ੍ਹਤ ਵਿਅਕਤੀਆਂ ਗੁਰਭਗਤ, ਸ਼ਾਮ ਲਾਲ, ਗੌਰਵ ਕੁਮਾਰ, ਅੰਮ੍ਰਿਤਪਾਲ ਸਿੰਘ ਤੇ ਸੁਮਿਤ ਕੁਮਾਰ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੰਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਭਗਤ, ਸ਼ਾਮ ਲਾਲ ਤੇ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਵਿਖੇ ਰੈਫ਼ਰ ਕੀਤਾ ਗਿਆ ਹੈ ਤੇ ਇੰਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਇੰਨ੍ਹਾਂ ’ਚੋਂ 3 ਮਰੀਜ ਕਰੀਬ 60 ਤੋਂ 70 ਫੀਸਦੀ ਝੁਲਸੇ ਹਨ। ਓਧਰ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸਾਧੂ ਰਾਮ ਪੁੱਤਰ ਲਾਲ ਚੰਦ ਤੇ ਕਾਲੂ ਰਾਮ ਵਿਸ਼ਨੂੰ ਦੱਤ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਵਿਖੇ ਰੈਫ਼ਰ ਕੀਤਾ ਗਿਆ ਹੈ।