ਜੰਡਿਆਲਾ ਗੁਰੂ, 4 ਜੂਨ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਬੀਤੀ ਰਾਤ ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਮੱਤੇਵਾਲ ਦੇ ਮੁੱਖ ਬਾਜ਼ਾਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ 1984 ਦੇ ਸਾਕੇ ਦੇ ਤਹਿਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਜੈਕਾਰਿਆਂ ਦੀ ਗੂੰਜ ਨਾਲ ਸੰਪੰਨ ਹੋਏ। ਉਕਤ ਸਮਾਗਮਾਂ ਤਹਿਤ ਸਜਾਏ ਧਾਰਮਿਕ ਦੀਵਾਨਾ ਵਿੱਚ ਕੀਰਤਨ ਦਰਬਾਰ, ਕਥਾ ਦਰਬਾਰ ਸਮੇਤ ਵਿਸ਼ੇਸ਼ ਕਵੀ ਦਰਬਾਰ ਵੀ ਆਯੋਜਿਤ ਕੀਤਾ ਜਾਵੇਗਾ। ਸੰਗਤਾਂ ਦੇ ਭਰਵੇਂ ਇਕੱਠ ‘ਚ ਉਕਤ ਸਮਾਗਮ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਦੇਰ ਰਾਤ 12 ਵਜੇ ਤੱਕ ਚੱਲੇ ਜਿਸ ਤਹਿਤ ਸ਼ਬਦ ਕੀਰਤਨ ਤੋਂ ਬਾਅਦ ਗਿਆਨੀ ਜਸਕਰਨ ਸਿੰਘ ਜੀ ਮੱਤੇਵਾਲ, ਗਿਆਨੀ ਪ੍ਰਗਟ ਸਿੰਘ ਜੀ ਭੀਲੋਵਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ਹੀਦ ਸਿੰਘਾਂ ਦੀ ਜੀਵਨੀ ਬਾਰੇ ਕਥਾ ਵਿਚਾਰ ਕੀਤੇ। ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਮਲਕੀਤ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਸੰਗਤਾਂ ਨਾਲ ਸ਼ਹੀਦੀਆਂ ਭਰੇ ਸਿੱਖ ਇਤਿਹਾਸ ਸੰਬੰਧੀ ਕਥਾ ਵਿਚਾਰ ਕੀਤੇ।
ਸਮਾਗਮ ਦਾ ਸਮਾਪਨ ਵਿਸ਼ੇ ਕਵੀ ਦਰਬਾਰ ਨਾਲ ਹੋਇਆ ਜਿਸ ਵਿੱਚ ਪੰਜਾਬ ਦੇ ਰਫ਼ੀ ਸ: ਰਛਪਾਲ ਸਿੰਘ ਪਾਲ (ਜਲੰਧਰ), ਸ: ਅਵਤਾਰ ਸਿੰਘ ਤਾਰੀ (ਅੰਮ੍ਰਿਤਸਰ), ਸ: ਸੁਖਜੀਵਨ ਸਿੰਘ ਸਫ਼ਰੀ(ਦਸੂਹਾ), ਸ: ਮਲਕੀਤ ਸਿੰਘ ਨਿਮਾਣਾ(ਮੱਤੇਵਾਲ), ਬੀਬੀ ਮਨਜੀਤ ਕੌਰ (ਪਹੁਵਿੰਡ) ਨੇ ਆਪਣੀਆਂ ਕਵਿਤਾਵਾਂ ਰਾਹੀਂ ਇਤਿਹਾਸ ਦੀ ਬਾਤਾਂ ਪਾਈਆਂ। ਅੰਤ ਵਿੱਚ ਭਾਈ ਨਿਮਾਣਾ ਜੀ ਨੇ ਸਮੂਹ ਸੰਗਤਾਂ,ਇਲਾਕਾ ਨਿਵਾਸੀਆਂ ਅਤੇ ਪਹੁੰਚੇ ਪ੍ਰਚਾਰਕਾਂ ਦਾ ਧੰਨਵਾਦ ਕਰਦਿਆਂ ਵਿਚਾਰ ਸਾਂਝੇ ਕੀਤੇ ਕਿ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ ਤੇ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਦੇਵ ਸਿੰਘ ਜੀ,ਬਾਬਾ ਕਰ ਸਿੰਘ ਜੀ ਹੈੱਡ ਗ੍ਰੰਥੀ, ਬਾਬਾ ਬੂਟਾ ਸਿੰਘ ਜੀ ਮੱਤੇਵਾਲ, ਸ: ਸਤਬੀਰ ਸਿੰਘ ਮੱਤੇਵਾਲ, ਪੱਤਰਕਾਰ ਗੁਰਪ੍ਰੀਤ ਸਿੰਘ ਮੱਤੇਵਾਲ, ਸ: ਕੁਲਬੀਰ ਸਿੰਘ ਮਾਰਕਫੈੱਡ ਮੈਨੇਜਰ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਪਹੁੰਚੇ ਪ੍ਰਚਾਰਕਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।