ਚੋਹਲਾ ਸਾਹਿਬ/ਤਰਨਤਾਰਨ, 22 ਮਾਰਚ (ਰਾਕੇਸ਼ ਨਈਅਰ) : ਜਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਵਿਖੇ ਨਵੇਂ ਕਮਰਿਆਂ ਦੀ ਉਸਾਰੀ ਲਈ ਪਾਇਆ ਜਾ ਰਿਹਾ ਲੈਂਟਰ ਅਚਾਨਕ ਡਿੱਗ ਜਾਣ ਕਾਰਨ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮਲਬੇ ਹੇਠਾਂ ਦੱਬ ਜਾਣ ਨਾਲ ਮੌਤ ਹੋ ਗਈ,ਜਦਕਿ ਦੋ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਇਹ ਹਾਦਸਾ ਉਦੋਂ ਵਾਪਰਿਆਂ ਜਦ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਿਖੇ ਉਸਾਰੇ ਜਾ ਰਹੇ ਨਵੇਂ ਕਮਰਿਆਂ ਲਈ ਲੈਂਟਰ ਪਾਇਆ ਜਾ ਰਿਹਾ ਸੀ,ਕੁਝ ਹਿੱਸਾ ਅਜੇ ਰਹਿੰਦਾ ਸੀ ਕਿ ਲੈਂਟਰ ਹੇਠਾਂ ਦਿੱਤੀਆਂ ਗਈਆਂ ਰੋਕਾਂ ਦੇ ਅਚਾਨਕ ਖਿਸਕ ਜਾਣ ਕਾਰਨ ਲੈਂਟਰ ਹੇਠਾਂ ਡਿੱਗ ਪਿਆ ਅਤੇ ਲੈਂਟਰ ਹੇਠਾਂ ਕੰਮ ਕਰ ਰਹੇ ਚਾਰ ਮਜਦੂਰ ਮਲਬੇ ਹੇਠਾਂ ਦੱਬੇ ਗਏ।
ਮ੍ਰਿਤਕਾਂ ਦੀ ਫਾਇ਼ਲ ਫੋਟੋ
ਜਿੰਨਾਂ ਵਿੱਚੋਂ ਦੋ ਮਜ਼ਦੂਰਾਂ ਨੂੰ ਮੌਕੇ `ਤੇ ਹੀ ਲੋਕਾਂ ਵੱਲੋਂ ਗੰਭੀਰ ਜਖਮੀਂ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਦਕਿ ਦੋ ਹੋਰ ਮਜ਼ਦੂਰ ਜੋ ਲੈਂਟਰ ਹੇਠਾਂ ਦੱਬੇ ਗਏ,ਨੂੰ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਕਰੀਬ ਇੱਕ ਘੰਟੇ ਬਾਅਦ ਮਲਬੇ ਨੂੰ ਹਟਾਕੇ ਬਾਹਰ ਕੱਢਿਆ ਗਿਆ ਅਤੇ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵਲੋਂ ਦੋਵਾਂ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਹਾਦਸੇ ਦਾ ਪਤਾ ਚੱਲਦਿਆਂ ਹੀ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵੀ ਤੁਰੰਤ ਮੌਕੇ ‘ਤੇ ਪੁੱਜ ਗਈ ਅਤੇ ਚੱਲ ਰਹੇ ਰਾਹਤ ਕਾਰਜਾਂ ਵਿੱਚ ਸਹਾਇਤਾ ਕੀਤੀ।ਇਸ ਦਰਦਨਾਕ ਹਾਦਸੇ ਵਿੱਚ ਮ੍ਰਿਤਕ ਮਜ਼ਦੂਰਾਂ ਦੀ ਪਹਿਚਾਣ ਗੁਰਮੇਜ ਸਿੰਘ (65) ਪੁੱਤਰ ਚੰਨਣ ਸਿੰਘ ਅਤੇ ਸਰਬਜੀਤ ਸਿੰਘ (38) ਪੁੱਤਰ ਬਾਬਾ ਸੱਜਣ ਸਿੰਘ ਦੋਵੇਂ ਵਾਸੀ ਚੋਹਲਾ ਸਾਹਿਬ ਵਜੋਂ ਹੋਈ ਹੈ।
ਜਦਕਿ ਗੰਭੀਰ ਹੋਏ ਜਖਮੀਆਂ ਵਿੱਚ ਮੰਗਲ ਸਿੰਘ ਪੁੱਤਰ ਧਿਆਨ ਸਿੰਘ ਅਤੇ ਕਰਨਬੀਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਚੋਹਲਾ ਸਾਹਿਬ ਸ਼ਾਮਿਲ ਹਨ।ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੀ.ਪੀ.ਆਈ ਆਗੂ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ ਇਸ ਹਾਦਸੇ ਦੇ ਮ੍ਰਿਤਕ ਦੋਵੇਂ ਮਜਦੂਰ ਮਿਹਨਤ-ਮਜਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਸਨ ਕਿ ਇਹ ਕਹਿਰ ਵਾਪਰ ਗਿਆ।ਉਹਨਾਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਦਸ-ਦਸ ਲੱਖ ਰੁਪਏ ਦਾ ਤਰੁੰਤ ਮੁਆਵਜਾ ਦੇਵੇ ਅਤੇ ਜਖਮੀਂ ਹੋਏ ਮਜਦੂਰਾਂ ਦਾ ਮੁਫ਼ਤ ਇਲਾਜ ਅਤੇ ਹੋਰ ਸਹਾਇਤਾ ਕੀਤੀ ਜਾਵੇ।