ਗੜਦੀਵਾਲ (ਜਸਵੀਰ ਸਿੰਘ ਪੁਰੇਵਾਲ) : ਗਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੱਚਖੰਡਵਾਸੀ ਮਹਾਂਪੁਰਖ ਬ੍ਰਹਮਗਿਆਨੀ ਸ੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੀ ੩੮ਵੀਂ ਬਰਸੀ ਦੇ ਸਮਾਗਮ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਬਹੁਤ ਹੀ ਚੜ੍ਹਦੀਕਲਾ ਵਿੱਚ ਸੰਪੰਨ ਹੋਏ।
ਸਮਾਗਮ ਦੇ ਆਖਰੀ ਦਿਨ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸੰਗਤਾਂ ਦਾ ਸੈਲਾਬ ਉਮੜ ਪਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਮਹਾਂਪੁਰਖਾਂ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਨਾਮਵਰ ਰਾਗੀ ਜਥਿਆਂ, ਸਾਧੂ ਮਹਾਂਪੁਰਖਾਂ, ਸਿੰਘ ਸਾਹਿਬਾਨਾਂ ਅਤੇ ਵਿਦਵਾਨਾਂ ਨੇ ਉਚੇਚੀ ਹਾਜ਼ਰੀ ਭਰੀ ਅਤੇ ਸੰਗਤ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਗੁਰਮਤਿ ਉਪਦੇਸ਼ ਦ੍ਰਿੜ੍ਹ ਕਰਵਾਏ। ਇਸ ਦੇ ਨਾਲ ਹੀ ਮੌਜੂਦਾ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਵੀ ਸਮੂਹ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੱਢਣ ਲਈ ਸਰਕਾਰ ਪਾਸੋਂ ਮੰਗ ਕੀਤੀ।
ਇਸ ਮੌਕੇ ਤੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਇਸ ਕਿਸਾਨੀ ਮਸਲੇ ਪ੍ਰਤੀ ਹਰ ਲੋੜੀਂਦੀ ਮਦਦ ਦਾ ਭਰੋਸਾ ਦਿਵਾਉਂਦਿਆਂ ਹੋਇਆ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਇਸ ਮੌਕੇ ਤੇ ਆਈਆਂ ਸਮੂਹ ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।