ਕੱਚੀ, ਰੂੜੀ ਮਾਰਕਾ, ਘਰ ਦੀ ਕੱਢੀ ਸ਼ਰਾਬ ਦੇ ਸਿਹਤ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ : ਪਰਮਜੀਤ ਸਿੰਘ
ਜਲੰਧਰ 29 ਸਤੰਬਰ (ਧਰਮਿੰਦਰ ਸੌਂਧੀ) : ਸ਼੍ਰੀ ਪਰਮਜੀਤ ਸਿੰਘ, ਉਪ ਕਮਿਸ਼ਨਰ (ਆਬਕਾਰੀ), ਜਲੰਧਰ ਜ਼ੋਨ, ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਨਵਜੀਤ ਸਿੰਘ, ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ ਰੇਂਜ-2 ਵੱਲੋਂ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਤਿਆਰ ਕੀਤੀ ਗਈ ਕੱਚੀ, ਰੂੜੀ ਮਾਰਕਾ, ਘਰ ਦੀ ਕੱਢੀ ਸ਼ਰਾਬ ਦੇ ਸਿਹਤ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਬਸਤੀ ਪੀਰ ਦਾਦ, ਬਸਤੀ ਸ਼ੇਖ, ਗੌਤਮ ਨਗਰ, , ਲੈਦਰ ਕੰਪਲੈਕਸ, ਕਪੂਰਥਲਾ ਰੋਡ, ਮਕਸੂਦਾਂ ਅਤੇ ਫੋਕਲ ਪੁਆਇੰਟ ਆਦਿ ਇਲਾਕਿਆਂ ਵਿਖੇ ਚਲਾਈ ਗਈ:- ਜਿਸ ਵਿੱਚ ਦੱਸਿਆ ਗਿਆ ਕਿ ਗੈਰ-ਕਾਨੂੰਨੀ ਤਰੀਕਿਆਂ ਨਾਲ ਤਿਆਰ ਸ਼ਰਾਬ ਦੀ ਕੋਈ ਵਾਜਿਬ ਡਿਗਰੀ ਨਹੀਂ ਹੁੰਦੀ, ਜਿਸ ਨਾਲ ਉਹ ਸਿਹਤ ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਤੋਂ ਇਲਾਵਾ ਇਹ ਸ਼ਰਾਬ ਜ਼ਹਿਰੀਲੀ ਹੋਣ ਕਰਕੇ ਇਸਦਾ ਸੇਵਨ ਕਰਨ ਨਾਲ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ
ਅਤੇ ਜਾਨ ਵੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ ਅਤੇ ਦੂਸਰੇ ਰਾਜਾਂ ਤੋਂ ਤਸਕਰੀ ਹੋ ਕੇ ਆਈ ਸ਼ਰਾਬ ਵੀ ਅਪਰਾਧਿਕ ਤੱਤਾਂ ਵੱਲੋਂ ਇਸ ਰਾਜ ਵਿੱਚ ਲਿਆਂਦੀ ਜਾਂਦੀ ਹੈ, ਅਤੇ ਅਜਿਹੇ ਅਪਰਾਧੀਆਂ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਉਹਨਾਂ ਵੱਲੋਂ ਸਪਲਾਈ ਕੀਤੀ ਜਾਣ ਵਾਲੀ ਤਸਕਰੀ ਦੀ ਸ਼ਰਾਬ ਦਾ ਸੇਵਨ ਕਰਨਾ ਵੀ ਆਪਣੀ ਸਿਹਤ ਨਾਲ ਜ਼ੋਖਿਮ ਉਠਾਉਣ ਵਾਲੀ ਗੱਲ ਹੈ। ਇਸ ਲਈ ਆਬਕਾਰੀ ਵਿਭਾਗ ਵੱਲੋਂ ਆਮ ਜਨਤਾ ਨੂੰ ਅਜਿਹੇ ਗੈਰ-ਕਾਨੂੰਨੀ ਤਰੀਕਿਆਂ ਨਾਲ ਤਿਆਰ ਕੀਤੀ ਅਤੇ ਤਸਕਰੀ ਕੀਤੀ ਗਈ ਸ਼ਰਾਬ ਨੂੰ ਸਦਾ ਲਈ ਨਾਂਹ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਦੀ ਅਪੀਲ ਕੀਤੀ ਗਈ।