ਜੰਡਿਆਲਾ ਗੁਰੂ, 06 ਮਾਰਚ (ਕੰਵਲਜੀਤ ਸਿੰਘ ਲਾਡੀ) : ਆਪਣੇ ਹਲਕੇ ਜੰਡਿਆਲਾ ਗੁਰੂ ਦੀ ਖੁਸ਼ਹਾਲੀ ਲਈ ਦਿਨ ਰਾਤ ਇਕ ਕਰ ਰਹੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ ਪਰਿਵਾਰ ਸਮੇਤ ਪਹੁੰਚ ਕੇ ਜੰਡਿਆਲਾ ਗੁਰੂ ਸ਼ਹਿਰ ਲਈ ਸ਼ੁਰੂ ਕੀਤੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਉਨ੍ਹਾਂ ਪਰਿਵਾਰ ਦੇ ਜੀਆਂ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਹੱਥੀਂ ਸਫਾਈ ਕੀਤੀ ਅਤੇ ਲੋਕਾਂ ਨੂੰ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਸੱਦਾ ਦਿੱਤਾ।
ਦੱਸਣਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਅਤੇ ਗਰੀਨ ਕਲੀਨ ਤੇ ਹੈਲਦੀ ਪੰਜਾਬ ਸੁਸਾਇਟੀ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਮੰਤਰੀ ਸਾਹਿਬ ਦੇ ਸੱਦੇ ਉਤੇ ਜੰਡਿਆਲਾ ਗੁਰੂ ਆਏ ਅਤੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ, ਬਜਾਰਾਂ ਨੂੰ ਸਾਫ ਕੀਤਾ। ਇਸ ਸਫਾਈ ਮੁਹਿੰਮ ਵਿੱਚ ਬਿਜਲੀ ਵਿਭਾਗ,ਲੋਕ ਨਿਰਮਾਣ ਵਿਭਾਗ,ਨਗਰ ਕੌਂਸਲ ਜੰਡਿਆਲਾ ਗੁਰੂ ਦੇ ਕਰਮਚਾਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ ਹੈ ਅਤੇ ਇਹ ਕੰਮ ਕੋਈ ਵੀ ਸਰਕਾਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੋ, ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਸੜਕਾਂ ਉਤੇ ਨਾ ਸੁੱਟੋ ਅਤੇ ਆਪਣੇ ਨੇੜੇ ਰੁੱਖ ਲਗਾਓ ਇਸ ਮੌਕੇ ਮੰਤਰੀ ਸਾਹਿਬ ਦੇ ਧਰਮ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਭਰਾ ਸਤਿੰਦਰ ਸਿੰਘ ਤੇ ਸੁਖਵਿੰਦਰ ਸਿੰਘ, ਸ੍ਰੀ ਰਾਕੇਸ਼ ਸੇਠੀ, ਸ੍ਰੀ ਸੂਰਜ ਪ੍ਕਾਸ਼, ਸ੍ਰੀ ਕੁਲਦੀਪ ਸ਼ਰਮਾ, ਇੰਜੀਨੀਅਰ ਸ੍ਰੀ ਬਾਲ ਕਿ੍ਸ਼ਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਇਸ ਸਫਾਈ ਮੁਹਿੰਮ ਦਾ ਹਿੱਸਾ ਬਣੇ ਹਰੇਕ ਵਿਅਕਤੀ ਦਾ ਧੰਨਵਾਦ ਕਰਦੇ ਕਿਹਾ ਕਿ ਜੇਕਰ ਤੁਹਾਡਾ ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦ ਸਾਰਾ ਪੰਜਾਬ ਸਾਫ ਤੇ ਤੰਦਰੁਸਤ ਹੋਵੇਗਾ।