ताज़ा खबरपंजाब

ਕੈਬਨਿਟ ਮੰਤਰੀ ਈ.ਟੀ.ਓ. ਨੇ 27 ਕਰੋੜ ਰੁਪਏ ਦੇ ਸੜ੍ਹਕੀ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

ਜੰਡਿਆਲਾ ਗੁਰੂ, 04 ਦਸੰਬਰ (ਕੰਵਲਜੀਤ ਸਿੰਘ) : ਜੰਡਿਆਲਾ ਹਲਕੇ ਦੇ 20 ਪਿੰਡਾਂ ਦੇ ਲੋਕਾ ਨੂੰ ਹੋਵੇਗਾ ਸਿੱਧਾ ਫਾਇਦਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਦੁਪਿਹਰ ਜੰਡਿਆਲਾ ਗੁਰੂ ਹਲਕੇ ਵਿੱਚ 27 ਕਰੋੜ ਰੁਪਏ ਦੇ ਦੋ ਸੜ੍ਹਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਨਾਂ ਸੜ੍ਹਕੀ ਪ੍ਰੋਜੈਕਟਾਂ ਨਾਲ ਹਲਕੇ ਦੇ 20 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਤੇ ਜਾਣ ਲਈ ਛੋਟੇ ਰੂਟ ਮਿਲਣਗੇ ਜਿਸ ਨਾਲ ਉਨਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ।

ਮੰਤਰੀ ਈਟੀਓ ਨੇ ਸੂਬਾ ਸਰਕਾਰ ਵਲੋਂ ਸੀ.ਆਰ.ਆਈ.ਐਫ. ਸਕੀਮ ਅਧੀਨ ਅੰਮ੍ਰਿਤਸਰ ਮਹਿਤਾ ਸੜ੍ਹਕ ਅੱਡਾ ਬੋਪਾਰਾਏ ਤੋਂ ਅੰਮ੍ਰਿਤਸਰ – ਜਲੰਧਰ ਸੜ੍ਹਕ ਵਾਇਆ ਗਹਿਰੀ ਨਰਾਇਣਗੜ੍ਹ ਸੜ੍ਹਕ ਯੂ.ਬੀ.ਡੀ.ਸੀ. ਦੇ ਨਾਲ-ਨਾਲ 17.8 ਕਿਲੋਮੀਟਰ ਸੜ੍ਹਕ ਬਣਾਉਣ ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਹ 18 ਫੁੱਟ ਚੌੜੀ ਸੜ੍ਹਕ ਬੋਪਾਰਾਏ ਤੋਂ ਗਹਿਰੀ ਨਰਾਇਣਗੜ੍ਹ ਤੱਕ ਨਹਿਰ ਦੀ 10 ਫੁੱਟ ਚੌੜੀ ਪਟਰੀ ਨੂੰ ਚੌੜੀ ਕਰਕੇ ਬਣਾਈ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਇਸਦੇ ਨਾਲ ਹੀ ਯੂ.ਬੀ.ਡੀ.ਸੀ. ਨਹਿਰ ਉੱਪਰ ਮੌਜੂਦਾ ਪੁੱਲ ਦੀ ਲੰਬਾਈ ਨੂੰ 80 ਫੁੱਟ ਤੋਂ 115 ਫੁੱਟ ਅਤੇ ਚੌੜਾਈ ਨੂੰ 16 ਫੁੱਟ ਤੋਂ 27 ਫੁੱਟ ਕੀਤਾ ਜਾਵੇਗਾ, ਜਿਸ ‘ਤੇ 2 ਕਰੋੜ 69 ਲੱਖ 30 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜ੍ਹਕ ਦੇ ਬਣਨ ਨਾਲ ਨੇੜਲੇ ਪਿੰਡਾਂ ਨੂੰ ਆਵਾਜਾਈ ਵਿੱਚ ਕਾਫ਼ੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ ਸੜ੍ਹਕ ’ਤੇ ਪੈਂਦੇ ਪਿੰਡ ਭੰਗਵਾਂ ਦੇ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੇਨ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਖੜ੍ਹਾ ਨਾ ਹੋ ਸਕੇ।

ਇਸ ਉਪਰੰਤ ਸ: ਹਰਭਜਨ ਸਿੰਘ ਈ.ਟੀ.ਓ. ਨੇ 4 ਕਰੋੜ 37 ਲੱਖ 59 ਹਜ਼ਾਰ ਰੁਪਏ ਦੀ ਲਾਗਤ ਨਾਲ ਖੁਜਾਲਾ ਗਹਿਰੀ ਸੜਕ ਤੋਂ ਖੁਜਾਲਾ ਤਰਸਿੱਕਾ ਸੜਕ ਦੀ ਉਸਾਰੀ ਕਰਵਾਉਣ ਦਾ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਸਲ 12 ਫੁੱਟ ਚੌੜੀ ਇਸ ਸੜਕ ਦੀ ਲੰਬਾਈ ਲਗਭਗ 6 ਕਿਲੋਮੀਟਰ ਹੋਵੇਗੀ। ਉਨਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਵੀ ਨੇੜਲੇ ਪਿੰਡ ਕੋਰਟ ਖਹਿਰਾ, ਰਸੂਲਪੁਰ, ਖਲਹੇਰਾ, ਗਦਲੀ, ਬੰਮਾ, ਭੰਗਵਾਂ ਅਤੇ ਮਾਲੋਵਾਲ ਆਦਿ ਪਿੰਡਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਨਾਂ ਕੰਮਾਂ ਦੇ ਟੈਂਡਰ ਪ੍ਰਕਿਰਆ ਮੁਕੰਮਲ ਹੋ ਚੁੱਕੀ ਹੈ ਅਤੇ ਇਨਾਂ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਨ ਲਈ 11 ਮਹੀਨੇ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਸਬੰਧਤ ਅਧਿਕਾਰਿਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ। ਸ: ਹਰਭਜਨ ਸਿੰਘ ਈ.ਟੀ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਲ ਰਹੇ ਵਿਕਾਸ ਕਾਰਜਾਂ ਦਾ ਆਪ ਵੀ ਧਿਆਨ ਰੱਖਣ ਕਿਉਂਕਿ ਇਹ ਸੜਕਾਂ ਲੋਕਾਂ ਦੇ ਪੈਸੈ ਨਾਲ ਹੀ ਬਣ ਰਹੀਆਂ ਹਨ ਅਤੇ ਜੇਕਰ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਜੰਡਿਆਲੇ ਹਲਕੇ ਨੂੰ ਵਿਕਾਸ ਪੱਖੋਂ ਅਣਗੌਲਿਆਂ ਰੱਖਿਆ ਅਤੇ ਇਸ ਹਲਕੇ ਦੀ ਸੜ੍ਹਕੀ ਆਵਾਜਾਈ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ।

ਇਸ ਮੌਕੇ ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਐਕਸੀਐਨ ਸ: ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਰਮਾਨਾ ਗੁਰਜਿੰਦਰ ਤੇ ਜਰਮਨ ਸਿੰਘ, ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।

Related Articles

Leave a Reply

Your email address will not be published.

Back to top button