ਜੰਡਿਆਲਾ ਗੁਰੂ, 12 ਸਤੰਬਰ (ਦਵਿੰਦਰ ਸਿੰਘ ਸਹੋਤਾ, ਕੰਵਲਜੀਤ ਸਿੰਘ ਲਾਡੀ) : ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋ ਕੇਂਦਰ ਸਬੰਧਿਤ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਮੋਰਚੇ ਦੇ ਐਲਾਨ ਨਾਲ ਸ਼ੁਰੂ ਹੋਏ ਅੰਦੋਲਨ ਦੇ ਅਗਲੇ ਪੜਾਵ ਵਿੱਚ 16 ਜਥੇਬੰਦੀਆਂ ਵੱਲੋਂ 28 ਸਤੰਬਰ ਤੋਂ ਰੇਲ ਰੋਕੋ ਮੋਰਚੇ ਦੇ ਐਲਾਨ ਦੇ ਚਲਦੇ, ਤਿਆਰੀਆਂ ਨੂੰ ਲੈ ਕੇ ਪੰਜਾਬ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰਤਾਂ ਦੀਆਂ ਕਨਵੈਨਸ਼ਨਾਂ ਕਰਕੇ ਤਿਆਰੀਆਂ ਸ਼ੁਰੂ ਕਰਦੇ ਹੋਏ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸੂਬਾ ਆਗੂ ਜਰਮਨਜੀਤ ਬੰਡਾਲਾ ਦੀ ਅਗਵਾਹੀ ਵਿੱਚ ਜਿਲ੍ਹਾ ਅੰਮ੍ਰਿਤਸਰ ਵੱਲੋਂ ਪਿੰਡ ਰਮਾਣਾਚੱਕ ਵਿੱਚ ਔਰਤਾਂ ਦੀ ਵੱਡੀ ਕਨਵੈਨਸ਼ਨ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਐਮ .ਐਸ. ਪੀ. ਗਰੰਟੀ ਕਨੂੰਨ ਬਣਾਉਣ, ਮਨਰੇਗਾ ਸਕੀਮ ਤਹਿਤ ਹਰ ਸਾਲ 200 ਦਿਨ ਰੁਜਗਾਰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾ ਅਤੇ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਉੱਤਰ ਭਾਰਤ ਵਿਚ ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਅਤੇ ਦਿੱਲੀ ਮੋਰਚੇ ਦੌਰਾਨ ਪਾਏ ਪੁਲਿਸ ਕੇਸ ਰੱਦ ਕਰਨ ਆਦਿ ਮੰਗਾਂ ਨੂੰ ਲੈ ਕੇ ਰੇਲਾਂ ਜਾਮ ਕੀਤੀਆਂ ਜਾਣਗੀਆਂ | ਓਹਨਾ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਹੜ੍ਹ ਵਾਲੀ ਮੁਸੀਬਤ ਦੇ ਸਮੇ ਵਿੱਚ ਆਮ ਜਨਤਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਦਕਿ ਦੂਜੀਆਂ ਮੰਗਾਂ ਵਾਅਦਾ ਕਾਰਨ ਦੇ ਬਾਵਜੂਦ ਪੂਰੀਆਂ ਨਹੀਂ ਕੀਤੀਆਂ ਗਈਆਂ।
ਇਸ ਮੌਕੇ ਸੂਬਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਅਤੇ ਬਲਵਿੰਦਰ ਸਿੰਘ ਰੁਮਾਣਾਚੱਕ ਨੇ ਕਿਹਾ ਕਿ ਨਸ਼ੇ ਦੇ ਕਹਿਰ ਹੇਠ ਨਿਤ ਪੰਜਾਬ ਦੀ ਨੌਜਵਾਨੀ ਦਮ ਤੋੜ ਰਹੀ ਹੈ ਨਸ਼ਾ ਤਸਕਰ ਸ਼ਰੇਆਮ ਨਸ਼ਾ ਵਿਰੋਧੀ ਨੌਜਵਾਨਾਂ ਦਾ ਕਤਲ ਕਰ ਰਹੇ ਹਨ ਅਤੇ ਇਸ ਤੇ ਪੰਜਾਬ ਸਰਕਾਰ ਲਾਪਰਵਾਹੀ ਕਰ ਰਹੀ ਹੈ ਜਥੇਬੰਦੀ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਸੰਘਰਸ਼ ਕਰ ਰਹੀ ਹੈ ਪਰ ਅਗਰ ਸਰਕਾਰ ਨੇ ਜਲਦ ਸ਼ਖਤ ਕਦਮ ਨਾ ਚੁੱਕੇ ਤਾਂ ਆਓਂਦੇ ਦਿਨਾਂ ‘ਚ ਵੱਡੇ ਐਕਸ਼ਨ ਕੀਤੇ ਜਾਣਗੇ।