ਭੁੰਨਰਹੇੜੀ/ਪਟਿਆਲਾ, 10 ਸਤੰਬਰ (ਕ੍ਰਿਸ਼ਨ ਗਿਰ) : ਹਲਕਾ ਸਨੌਰ ਦੇ ਪਿੰਡ ਬਲਬੇਡ਼ਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਛੱਪੜ ਦੇ ਨਵੀਨੀਕਰਨ ਤੇ ਸਵੱਛ ਭਾਰਤ ਮੁਹਿੰਮ ਸਕੀਮ ਤਹਿਤ ਲੱਖਾਂ ਰੁਪਏ ਖਰਚ ਕਰਕੇ ਇਸ ਦੀ ਨੁਹਾਰ ਬਦਲਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਬੰਧੀ ਹਲਕੇ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਛੱਪੜ ਦੇ ਨਵੀਨੀਕਰਨ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇਹ ਛੱਪੜ ਮਾਡਲ ਵਜੋਂ ਵਿਕਸਤ ਕੀਤਾ ਜਾਵੇਗਾ ਪ੍ਰੰਤੂ ਇਹ ਕਾਰਜ ਤਾਂ ਹੀ ਪੂਰਾ ਹੋਵੇਗਾ ਜੇਕਰ ਇਸ ਵਾਰ ਸਾਂਝੇ ਕੰਮ ਵਿੱਚ ਸਿਆਸੀ ਦਖ਼ਲਅੰਦਾਜ਼ੀ ਨਾ ਹੋਈ।
ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹਲਕੇ ਦਾ ਨੁਮਾਇੰਦਾ ਹੋਣ ਕਾਰਨ ਉਨ੍ਹਾਂ ਵੱਲੋਂ ਚਾਰਾਜੋਈ ਕਰਦਿਆਂ ਛੱਪੜ ਦੇ ਨਵੀਨੀਕਰਨ ਲਈ ਸਵੱਛ ਭਾਰਤ ਅਭਿਆਨ ਸਕੀਮ ਤਹਿਤ ਕੇਂਦਰੀ ਪੈਸੇ ਨਾਲ ਥਾਪਰ ਤਕਨੀਕ ਨਾਲ ਲੱਖਾਂ ਰੁਪਏ ਖਰਚ ਕੇ ਛੱਪੜ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਿਥੇ ਛੱਪਡ਼ ਦੇ ਪਾਣੀ ਨੂੰ ਮਸ਼ੀਨਾਂ ਨਾਲ ਸਾਫ ਕਰਕੇ ਰੋਜ਼ਮੱਰਾ ਦੀ ਜ਼ਿੰਦਗੀ ਲਈ ਵਰਤਿਆ ਜਾਵੇਗਾ ਓਥੇ ਹੀ ਇਸਦੇ ਆਲੇ ਦੁਆਲੇ ਟ੍ਰੈਕ ਅਤੇ ਛੋਟੀਆਂ ਝੋਂਪੜੀਆਂ ਬਣਾ ਕੇ ਸੈਰਗਾਹ ਦੇ ਤੌਰ ਤੇ ਵਿਕਸਤ ਕੀਤਾ ਜਾਵੇਗਾ। ਹਰਿੰਦਰਪਾਲ ਚੰਦੂਮਾਜਰਾ ਨੇ ਦੱਸਿਆ ਕਿ ਉਹ ਇਸ ਸਬੰਧੀ ਪਿੰਡ ਵਿੱਚ ਆ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਪ੍ਰੰਤੂ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਪਾਏ ਮਤੇ ਦਾ ਉਹ ਸਤਿਕਾਰ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਪਿੰਡ ਦੀ ਪੰਚਾਇਤ, ਪਿੰਡ ਵਾਸੀ ਤੇ ਸਿਆਸੀ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਨਗੇ।