ਚੋਹਲਾ ਸਾਹਿਬ/ਤਰਨਤਾਰਨ,12 ਮਈ (ਰਾਕੇਸ਼ ਨਈਅਰ) : ਪੈਸੇ ਕਮਾਉਣ ਦੀ ਇੱਛਾ ਨਾਲ ਤਿੰਨ ਸਾਲ ਪਹਿਲਾਂ ਕੁਵੈਤ ਗਏ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਇੱਕ ਨੌਜਵਾਨ ਦੀ ਕੁਵੈਤ ਵਿੱਚ ਹੋਈ ਸੜਕ ਦੁਰਘਟਨਾ ਵਿੱਚ ਦੁੱਖਦਾਈ ਮੌਤ ਹੋ ਜਾਣ ਨਾਲ ਮ੍ਰਿਤਕ ਨੌਜਵਾਨ ਦੇ ਘਰ ਅਤੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ।ਮ੍ਰਿਤਕ ਕਰਨਲ ਸਿੰਘ (26) ਦੇ ਪਿਤਾ ਕੁਲਵੰਤ ਸਿੰਘ ਚੋਹਲਾ ਸਾਹਿਬ ਨੇ ਰੋਂਦੇ ਹੋਏ ਦੱਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਉਸਦਾ ਛੋਟਾ ਲੜਕਾ ਕਰਨਲ ਸਿੰਘ ਰੋਜ਼ੀ ਰੋਟੀ ਦੀ ਖਾਤਰ ਕਮਾਈ ਕਰਨ ਲਈ ਕੁਵੈਤ ਗਿਆ ਸੀ।ਅੱਜ ਰਾਤ ਹੀ ਕਰਨਲ ਸਿੰਘ ਦੇ ਕਿਸੇ ਦੋਸਤ ਦਾ ਕੁਵੈਤ ਤੋਂ ਫੋਨ ਆਇਆ ਤਾਂ ਉਸਨੇ ਦੱਸਿਆ ਕਿ ਕਰਨਲ ਸਿੰਘ ਦੀ ਕੂਵੈਤ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਇਹ ਸੁਣਦੇ ਹੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਘਰ ਵਿੱਚ ਮਾਤਮ ਛਾ ਗਿਆ।ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਕਰਨਲ ਸਿੰਘ ਕੁਵੈਤ ਵਿੱਚ ਡਰਾਈਵਰੀ ਕਰਦਾ ਸੀ ਅਤੇ ਛੋਟੀ ਗੱਡੀ ਚਲਾਉਂਦਾ ਸੀ।ਮ੍ਰਿਤਕ ਕਰਨਲ ਸਿੰਘ ਦੇ ਦੋਸਤ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਕਰਨਲ ਸਿੰਘ ਗੱਡੀ ਤੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਗੱਡੀ ਦਾ ਟਾਇਰ ਫਟ ਜਾਣ ਗੱਡੀ ਪਲਟ ਗਈ ਅਤੇ ਕਰਨਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਕਰਨਲ ਸਿੰਘ
ਪਿਤਾ ਅਨੁਸਾਰ ਕਰਨਲ ਸਿੰਘ ਦਾ ਕੁਵੈਤ ਜਾਣ ਤੋਂ ਬਾਅਦ ਇਸੇ ਸਾਲ ਨਵੰਬਰ ਮਹੀਨੇ ਵਿੱਚ ਘਰ ਆਉਣ ਦਾ ਪ੍ਰੋਗਰਾਮ ਸੀ ਪਰ ਇਹ ਵੱਡਾ ਭਾਣਾ ਵਰਤ ਗਿਆ।ਮ੍ਰਿਤਕ ਨੌਜਵਾਨ ਕਰਨਲ ਸਿੰਘ ਜੋ ਅਜੇ ਕੁਆਰਾ ਸੀ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਆਪਣੇ ਇੱਕ ਵੱਡੇ ਭਰਾ ਅਤੇ ਭੈਣ ਨੂੰ ਛੱਡ ਗਿਆ ਹੈ।ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਪੰਜਾਬ ਲਿਆਂਦਾ ਜਾਵੇ ਤਾਂ ਜ਼ੋ ਉਹ ਉਸਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।